ਬਿਹਾਰ। ਔਰੰਗਾਬਾਦ (aurangabad) ਵਿਚ ਦਾਜ (dowry) ਲਈ ਸਾਜ਼ਿਸ਼ ਤਹਿਤ ਪਤਨੀ ਦਾ ਕਤਲ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਤਾਂ ਉਸ (ਪਤੀ) ਦੇ ਤਿੰਨ ਵਿਆਹਾਂ ਦੇ ਇਕ-ਇਕ ਕਰਕੇ ਰਾਜ਼ ਸਾਹਮਣੇ ਆ ਗਏ।

ਇਹ ਮਾਮਲਾ ਉਪਹਾਰਾ ਥਾਣਾ ਖੇਤਰ ਦੇ ਸ਼ੇਖਪੁਰਾ ਪਿੰਡ ਦਾ ਹੈ। ਇੱਥੇ ਸੁਬੇਲਾਲ ਪਾਸਵਾਨ ਨੇ ਤਿੰਨ ਵਿਆਹ ਕੀਤੇ ਸਨ, ਜਿਨ੍ਹਾਂ ਵਿੱਚ ਪਹਿਲੀ ਪਤਨੀ ਦੀ ਮੌਤ ਹੋ ਗਈ ਸੀ, ਜਦੋਂ ਕਿ ਦੂਜੀ ਆਪਣੇ ਰਿਸ਼ਤੇਦਾਰ ਨਾਲ ਫਰਾਰ ਹੋ ਗਈ ਸੀ ਅਤੇ ਪਤੀ ਸੁਬੇਲਾਲ ‘ਤੇ ਤੀਜੀ ਪਤਨੀ ਦੀ ਹੱਤਿਆ ਦਾ ਦੋਸ਼ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਥਾਣਾ ਮੁਖੀ ਮਨੋਜ ਕੁਮਾਰ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ। ਗੌਰਤਲਬ ਹੈ ਕਿ ਸੁਬੇਲਾਲ ਦਾ ਪਹਿਲਾ ਵਿਆਹ ਗੋਹ ਥਾਣਾ ਖੇਤਰ ਦੇ ਪੁਨਦੌਲ ਪਿੰਡ ਦੀ ਰਹਿਣ ਵਾਲੀ ਗਯਾ ਪਾਸਵਾਨ ਦੀ ਬੇਟੀ ਲਾਲਤੀ ਨਾਲ 2002 ‘ਚ ਹੋਇਆ ਸੀ, ਜਿਸ ਦੀ 2004 ‘ਚ ਮੌਤ ਹੋ ਗਈ ਸੀ।

ਲੋਕ ਉਸ ਦੀ ਮੌਤ ਨੂੰ ਵੀ ਕਤਲ ਹੀ ਦੱਸ ਰਹੇ ਹਨ। ਦੂਸਰਾ ਵਿਆਹ ਮਮਤਾ ਨਾਲ ਹੋਇਆ। ਵਿਆਹ ਦੇ ਕਈ ਮਹੀਨਿਆਂ ਬਾਅਦ ਉਹ ਮਮਤਾ ਨੂੰ ਦਮਨ ਲੈ ਗਿਆ, ਜਿੱਥੇ ਉਸ ਨੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਮਤਾ ਨੂੰ ਉੱਥੇ ਰੱਖਿਆ। ਉੱਥੇ ਵੀ ਉਹ ਅਕਸਰ ਮਮਤਾ ਨਾਲ ਲੜਦਾ ਰਹਿੰਦਾ ਸੀ। ਨਤੀਜੇ ਵਜੋਂ ਮਮਤਾ ਆਪਣੇ ਇਕ ਰਿਸ਼ਤੇਦਾਰ ਨਾਲ ਫਰਾਰ ਹੋ ਗਈ।

ਇਸ ਤੋਂ ਬਾਅਦ ਸੁਬੇਲਾਲ ਨੇ 2018 ‘ਚ ਚੰਦਰਾਵਤੀ ਨਾਲ ਤੀਜਾ ਵਿਆਹ ਕੀਤਾ, ਪਰ ਦੋਸ਼ ਹਨ ਕਿ ਦਾਜ ਦੇ ਲੋਭੀ ਪਤੀ ਨੇ ਉਸ ਦਾ ਕਤਲ ਕਰਕੇ ਲਾਸ਼ ਨੂੰ ਸਾੜ ਦਿੱਤਾ। ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਤੀਜੀ ਪਤਨੀ ਦੇ ਕਤਲ ਦੀ ਜਾਂਚ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਸੁਬੇਲਾਲ ਦੀ ਦਾਜ ਦੀ ਸਾਜ਼ਿਸ਼ ਦਾ ਰਾਜ਼ ਸਾਹਮਣੇ ਆ ਸਕਦਾ ਹੈ।