ਅੰਮ੍ਰਿਤਸਰ, 11 ਮਾਰਚ | ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਗਿੱਲ ਨੂੰ ਕੋਈ ਧਮਕੀ ਨਹੀਂ ਮਿਲੀ, ਬਸ ਸਕਿਓਰਿਟੀ ਲੈਣ ਲਈ ਡਰਾਮਾ ਰਚਿਆ ਸੀ। ਪੁਲਿਸ ਅਧਿਕਾਰੀ ਨੇ ਇਸ ਦਾ ਖੁਲਾਸਾ ਕੀਤਾ ਹੈ। ਉਨ੍ਹਾ ਕਿਹਾ ਕਿ ਸੰਤੋਖ ਗਿੱਲ ਨੇ ਪਹਿਲਾਂ ਵੀ ਪੁਲਿਸ ਸੁਰੱਖਿਆ ਦੀ ਦੁਰਵਰਤੋਂ ਕੀਤੀ ਹੈ।

ਬੀਤੇ ਦਿਨੀਂ ਸੰਤੋਖ ਸਿੰਘ ਗਿੱਲ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਕਰ ਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਇਕ ਵਿਦੇਸ਼ੀ ਨੰਬਰ ਤੋਂ ਧਮਕੀ ਭਰੀ ਕਾਲ ਆਈ ਸੀ ਤੇ ਉਸ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਸੀ ਕਿ ਉਕਤ ਵਿਅਕਤੀ ਨੇ ਕਿਹਾ ਸੀ ਕਿ ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਪਹਿਲਾਂ ਉਸ ਦੀ ਧੀ ਸ਼ਹਿਨਾਜ਼ ਗਿੱਲ ਅਤੇ ਫਿਰ ਉਸ ਨੂੰ ਮਾਰ ਦਿੱਤਾ ਜਾਵੇਗਾ।

ਉਪਰੋਕਤ ਵੀਡੀਓ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਤੋਖ ਗਿੱਲ ਨੇ ਪੁਲਿਸ ਪ੍ਰਸ਼ਾਸਨ ਉਤੇ ਢਿੱਲੀ ਕਾਰਗੁਜ਼ਾਰੀ ਦੇ ਦੋਸ਼ ਵੀ ਲਗਾਏ ਸਨ। ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦਾ ਪੱਖ ਵੀ ਇਸ ਮਾਮਲੇ ‘ਤੇ ਅੱਗੇ ਆਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸੰਤੋਖ ਸਿੰਘ ਗਿੱਲ ਖ਼ਿਲਾਫ਼ ਅਪਰਾਧਿਕ ਕੇਸ ਦਰਜ ਹਨ ਅਤੇ ਉਸ ਨੂੰ ਪਹਿਲਾਂ ਪੁਲਿਸ ਨੇ ਸੁਰੱਖਿਆ ਦਿੱਤੀ ਹੋਈ ਸੀ ਕਿਉਂਕਿ ਉਹ ਇਕ ਜਥੇਬੰਦੀ ਦਾ ਪ੍ਰਧਾਨ ਸੀ। ਸੰਤੋਖ ਗਿੱਲ ਨੇ ਇਸ ਦੀ ਦੁਰਵਰਤੋਂ ਕੀਤੀ ਅਤੇ ਹੁਣ ਉਸ ਦੇ ਕਹਿਣ ਵਿੱਚ ਕੋਈ ਸੱਚਾਈ ਨਹੀਂ ਹੈ ਕਿ ਉਸ ਨੂੰ ਕਿਸੇ ਵਿਦੇਸ਼ੀ ਨੰਬਰ ਤੋਂ ਧਮਕੀਆਂ ਮਿਲੀਆਂ ਹਨ।