ਚੰਡੀਗੜ੍ਹ, 1 ਜਨਵਰੀ | ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੇ ਕੜਾਕੇ ਦੀ ਠੰਡ ਅਤੇ ਧੁੰਦ ਨਾਲ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ। ਮੌਸਮ ਵਿਭਾਗ ਵੱਲੋਂ ਅੱਜ (ਬੁੱਧਵਾਰ) 14 ਜ਼ਿਲ੍ਹਿਆਂ ਵਿਚ ਠੰਡੇ ਦਿਨ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਵਿਚ ਤਾਪਮਾਨ ਵਿਚ 0.2 ਡਿਗਰੀ ਦਾ ਵਾਧਾ ਹੋਇਆ ਹੈ। ਹਾਲਾਂਕਿ ਇਹ ਸੂਬੇ ਦੇ ਆਮ ਤਾਪਮਾਨ ਨਾਲੋਂ 5.1 ਡਿਗਰੀ ਘੱਟ ਹੈ। ਗੁਰਦਾਸਪੁਰ ਵਿਚ ਸਭ ਤੋਂ ਵੱਧ ਤਾਪਮਾਨ 15 ਡਿਗਰੀ ਦਰਜ ਕੀਤਾ ਗਿਆ ਹੈ, ਜਦਕਿ ਚੰਡੀਗੜ੍ਹ ਵਿਚ ਤਾਪਮਾਨ ਵਿਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਇੱਥੇ ਤਾਪਮਾਨ 11.8 ਡਿਗਰੀ ਦਰਜ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ ਅੱਠ ਡਿਗਰੀ ਘੱਟ ਸੀ।

ਇਸ ਦੇ ਨਾਲ ਹੀ ਜਿਨ੍ਹਾਂ ਜ਼ਿਲ੍ਹਿਆਂ ਵਿਚ ਅੱਜ ਠੰਡ ਦਾ ਅਲਰਟ ਹੈ, ਉਨ੍ਹਾਂ ਵਿਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਮੁਕਤਸਰ ਸਾਹਿਬ, ਫ਼ਰੀਦਕੋਟ, ਮੋਗਾ, ਬਠਿੰਡਾ, ਫ਼ਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਸ਼ਾਮਲ ਹਨ।

ਮੌਸਮ ਵਿਭਾਗ ਮੁਤਾਬਕ 3 ਜਨਵਰੀ ਤੱਕ ਕੜਾਕੇ ਦੀ ਠੰਡ ਰਹੇਗੀ। ਇਸ ਦਾ ਕਾਰਨ ਇਹ ਹੈ ਕਿ ਅਫਗਾਨਿਸਤਾਨ ਦੇ ਉੱਪਰਲੇ ਖੇਤਰ ਵਿਚ ਇੱਕ ਕਮਜ਼ੋਰ ਪੱਛਮੀ ਗੜਬੜ ਬਣੀ ਹੋਈ ਹੈ। ਜਦਕਿ 4 ਜਨਵਰੀ ਨੂੰ ਵੈਸਟਰਨ ਡਿਸਟਰਬੈਂਸ ਐਕਟਿਵ ਹੋਵੇਗਾ। ਅਜਿਹੇ ‘ਚ ਕੁਝ ਜ਼ਿਲਿਆਂ ‘ਚ ਆਸਮਾਨ ‘ਚ ਬੱਦਲ ਛਾਏ ਰਹਿਣ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਹਾਲਾਂਕਿ ਇਸ ਦੌਰਾਨ ਲੋਕਾਂ ਨੂੰ ਧੁੰਦ ਆਦਿ ਤੋਂ ਰਾਹਤ ਮਿਲੇਗੀ।