ਚੰਡੀਗੜ੍ਹ| ਮੰਗਲਵਾਰ ਸਵੇਰੇ ਖਰੜ ‘ਚ ਜਮਨਾ ਅਪਾਰਟਮੈਂਟ ਦੇ ਗੇਟ ਕੋਲ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ‘ਚ ਪਰਿਵਾਰਕ ਮੈਂਬਰ ਬੈਠੇ ਹੋਏ ਸਨ ਕਿ ਅਚਾਨਕ ਬੋਨਟ ‘ਚੋਂ ਧੂੰਆਂ ਨਿਕਲਣ ਲੱਗਾ। ਅੱਗ ਨੇ ਜਲਦੀ ਹੀ ਕਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਕਾਰ ‘ਚ ਸਵਾਰ ਪਰਿਵਾਰਕ ਮੈਂਬਰਾਂ ਨੇ ਕਾਰ ‘ਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਕਾਰ ਨੂੰ ਅੱਗ ਲਗਣ ਤੋਂ ਬਾਅਦ ਸੜਕ ‘ਤੇ ਭਗਦੜ ਮੱਚ ਗਈ। ਇਸ ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਪੁਲਿਸ ਨੇ ਵੀ ਆ ਕੇ ਸਥਿਤੀ ਨੂੰ ਸੰਭਾਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਡਾਕਟਰ ਸੁਧਾਬੀਤਾ ਮੁਖਰਜੀ ਅਤੇ ਉਨ੍ਹਾਂ ਦਾ ਪੁੱਤਰ ਕਾਰ ਵਿੱਚ ਸਵਾਰ ਸਨ, ਜੋ ਕਿ ਕਿਤੇ ਜਾਣ ਲਈ ਨਿਕਲੇ ਸਨ। ਇਸ ਦੇ ਨਾਲ ਹੀ ਇਸ ਘਟਨਾ ਕਾਰਨ ਕਾਫੀ ਦੇਰ ਤੱਕ ਸੜਕ ‘ਤੇ ਆਵਾਜਾਈ ਵੀ ਪ੍ਰਭਾਵਿਤ ਰਹੀ ਪਰ ਲੋਕਾਂ ਨੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ |
ਦੂਜੇ ਪਾਸੇ ਫਾਇਰ ਬ੍ਰਿਗੇਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਵਾਰ ਵਾਹਨ ਦੀ ਸਮੇਂ ਸਿਰ ਸਰਵਿਸ ਨਾ ਹੋਣ ਕਾਰਨ ਜਾਂ ਤਾਰਾਂ ਕੱਟਣ ਜਾਂ ਇੰਜਣ ਓਵਰਹੀਟ ਹੋਣ ਕਾਰਨ ਅੱਗ ਲੱਗ ਜਾਂਦੀ ਹੈ। ਹਾਲਾਂਕਿ ਅੱਗ ਲੱਗਣ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਪਹਿਲੀ ਨਜ਼ਰੇ ਸਪਾਰਕਿੰਗ ਕਾਰਨ ਕਾਰ ਨੂੰ ਅੱਗ ਲੱਗ ਗਈ।