ਉੱਤਰ ਪ੍ਰਦੇਸ਼, 27 ਸਤੰਬਰ | ਪੁਲਿਸ ਨੇ ਹਾਥਰਸ ਜ਼ਿਲ੍ਹੇ ਵਿੱਚ 9 ਸਾਲਾ ਵਿਦਿਆਰਥੀ ਕ੍ਰਿਤਾਰਥ ਦੀ ਹੱਤਿਆ ਦਾ ਖੁਲਾਸਾ ਕੀਤਾ ਹੈ। ਤੰਤਰ-ਮੰਤਰ ਕਾਰਨ ਵਿਦਿਆਰਥੀ ਦਾ ਕਤਲ ਹੋਇਆ ਸੀ। ਸਕੂਲ ਪ੍ਰਬੰਧਕ ਦਾ ਪਿਤਾ ਤਾਂਤਰਿਕ ਹੈ। ਪ੍ਰਬੰਧਕ ਦੇ ਪਿਤਾ ਦਾ ਮੰਨਣਾ ਸੀ ਕਿ ਤੰਤਰ ਮੰਤਰ ਅਤੇ ਬਲੀਦਾਨ ਕਰਨ ਨਾਲ ਸਕੂਲ ਦੀ ਤਰੱਕੀ ਹੋਵੇਗੀ, ਇਸ ਲਈ ਉਸ ਨੇ ਬੱਚੇ ਦੀ ਬਲੀ ਦਿੱਤੀ।

ਇਸ ਤੋਂ ਬਾਅਦ ਜਦੋਂ ਮੈਨੇਜਰ ਆਪਣੀ ਕਾਰ ਵਿਚ ਵਿਦਿਆਰਥੀ ਦੀ ਲਾਸ਼ ਲੈ ਕੇ ਜਾ ਰਿਹਾ ਸੀ ਤਾਂ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਉਸ ਨੂੰ ਫੜ ਲਿਆ ਅਤੇ ਉਸ ਦੀ ਕਾਰ ‘ਚੋਂ ਵਿਦਿਆਰਥੀ ਦੀ ਲਾਸ਼ ਬਰਾਮਦ ਕੀਤੀ। ਪੁਲਿਸ ਨੇ ਵਿਦਿਆਰਥੀ ਦੇ ਕਤਲ ਦਾ ਖ਼ੁਲਾਸਾ ਕਰਦਿਆਂ ਪ੍ਰਬੰਧਕ ਤੇ ਉਸ ਦੇ ਪਿਤਾ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਰੋਸ ਵਜੋਂ ਐੱਸਪੀ ਦਫ਼ਤਰ ਦਾ ਘਿਰਾਓ ਕੀਤਾ। ਪਰਿਵਾਰਕ ਮੈਂਬਰਾਂ ਨੇ ਐਸਪੀ ਹਾਥਰਸ ਤੋਂ ਇਨਸਾਫ ਦੀ ਮੰਗ ਕੀਤੀ। ਪੁਲਿਸ ਅਧਿਕਾਰੀਆਂ ਨੇ ਇਸ ਘਟਨਾ ਦਾ ਖੁਲਾਸਾ ਐਸਪੀ ਦਫ਼ਤਰ ਦੀ ਘੇਰਾਬੰਦੀ ਤੋਂ ਕੁਝ ਘੰਟਿਆਂ ਬਾਅਦ ਹੀ ਕੀਤਾ।

ਦੱਸ ਦਈਏ ਕਿ ਪਿੰਡ ਰਾਸਗਵਾਂ ਦੇ ਸਕੂਲ ਵਿਚ ਦੂਜੀ ਜਮਾਤ ਦਾ ਵਿਦਿਆਰਥੀ ਕ੍ਰਿਤਾਰਥ ਪੁੱਤਰ ਕ੍ਰਿਸ਼ਨ ਹੋਸਟਲ ‘ਚ ਰਹਿ ਕੇ ਪੜ੍ਹਦਾ ਸੀ। ਸੋਮਵਾਰ ਸਵੇਰੇ ਸਕੂਲ ਦੇ ਪ੍ਰਬੰਧਕ ਦਿਨੇਸ਼ ਬਘੇਲ ਨੇ ਉਸ ਦੇ ਪਰਿਵਾਰ ਨੂੰ ਦੱਸਿਆ ਕਿ ਵਿਦਿਆਰਥੀ ਕ੍ਰਿਤਾਰਥ ਬਿਮਾਰ ਹੈ। ਜਦੋਂ ਉਸ ਦੇ ਪਰਿਵਾਰਕ ਮੈਂਬਰ ਉੱਥੇ ਪੁੱਜੇ ਤਾਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ।

ਜਦੋਂ ਦਿਨੇਸ਼ ਬਘੇਲ ਨੂੰ ਵਿਦਿਆਰਥੀ ਕ੍ਰਿਤਾਰਥ ਬਾਰੇ ਪੁੱਛਿਆ ਗਿਆ ਤਾਂ ਉਹ ਪਰਿਵਾਰਕ ਮੈਂਬਰਾਂ ਨੂੰ ਗੁੰਮਰਾਹ ਕਰਦਾ ਰਿਹਾ ਅਤੇ ਕਹਿੰਦਾ ਰਿਹਾ ਕਿ ਉਹ ਕ੍ਰਿਤਾਰਥ ਨੂੰ ਇਲਾਜ ਲਈ ਲੈ ਕੇ ਗਿਆ ਹੈ। ਕੁਝ ਸਮੇਂ ਬਾਅਦ ਇਨ੍ਹਾਂ ਵਿਅਕਤੀਆਂ ਨੇ ਸਾਦਾਬਾਦ ਨੇੜੇ ਦਿਨੇਸ਼ ਬਘੇਲ ਨੂੰ ਕਾਰ ਸਮੇਤ ਕਾਬੂ ਕਰ ਲਿਆ। ਵਿਦਿਆਰਥੀ ਕ੍ਰਿਤਾਰਥ ਦੀ ਲਾਸ਼ ਕਾਰ ਦੀ ਪਿਛਲੀ ਸੀਟ ‘ਤੇ ਪਈ ਸੀ।

ਪੁਲਿਸ ਨੇ ਉਥੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਘਰ ਭੇਜ ਦਿੱਤਾ ਹੈ। ਕ੍ਰਿਤਾਰਥ ਦੇ ਪਿਤਾ ਸ਼੍ਰੀ ਕ੍ਰਿਸ਼ਨਾ ਨੇ ਸਕੂਲ ਦੇ ਡਾਇਰੈਕਟਰ ਦਿਨੇਸ਼ ਬਘੇਲ ਸਮੇਤ 5 ਲੋਕਾਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਪੋਸਟ ਮਾਰਟਮ ਰਿਪੋਰਟ ‘ਚ ਸਾਹਮਣੇ ਆਇਆ ਕਿ ਵਿਦਿਆਰਥੀ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਸੀ, ਉਸ ਦੇ ਗਲੇ ‘ਤੇ ਸੱਟ ਦੇ ਨਿਸ਼ਾਨ ਸਨ।

ਤਾਂਤਰਿਕ ਪਿਤਾ ਦੇ ਕਹਿਣ ‘ਤੇ ਕਤਲ
ਪੁਲਿਸ ਮੁਤਾਬਕ ਮੈਨੇਜਰ ਦਾ ਪਿਤਾ ਜਸ਼ੋਧਨ ਤਾਂਤਰਿਕ ਹੈ। ਇਸ ਤੰਤਰ ਮੰਤਰ ਅਤੇ ਬਲੀਦਾਨ ਕਾਰਨ ਉਸ ਨੇ ਵਿਦਿਆਰਥੀ ਕ੍ਰਿਤਾਰਥ ਦਾ ਕਤਲ ਕਰ ਦਿੱਤਾ। ਮੈਨੇਜਰ ਦਿਨੇਸ਼ ਬਘੇਲ ਅਤੇ ਉਸ ਦੇ ਪਿਤਾ ਜਸ਼ੋਧਨ ਨੇ ਇਹ ਕਤਲ ਇਸ ਲਈ ਕੀਤਾ ਕਿਉਂਕਿ ਤੰਤਰ ਮੰਤਰ ਕਰਨ ਅਤੇ ਬੱਚੇ ਦੀ ਬਲੀ ਦੇਣ ਨਾਲ ਉਨ੍ਹਾਂ ਦਾ ਸਕੂਲ ਅਤੇ ਕਾਰੋਬਾਰ ਚੰਗਾ ਚੱਲੇਗਾ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਇਨ੍ਹਾਂ ਲੋਕਾਂ ਨੇ ਅਜਿਹੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਹੋ ਸਕੇ ਸਨ।