ਮਨਿੰਦਰ ਕੌਰ ਓਬਰਾਏ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਤੋਂ 107 ਸ਼ਰਧਾਲੂਆਂ ਦੇ ਜੱਥੇ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਚੰਡੀਗੜ੍ਹ/ਮੋਹਾਲੀ. ਸਰਬੱਤ ਦੇ ਭਲੇ ਦੀ ਭਾਵਨਾ ਤੇ ਤਨੋ-ਮਨੋ ਪਹਿਰਾ ਦੇਣ ਵਾਲੇ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸਪੀ ਸਿੰਘ ਓਬਰਾਏ ਵੱਲੋਂ ਗੁਰੂ ਸਾਹਿਬ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਿਸਾਲੀ ਪਹਿਲਕਦਮੀ ਕੀਤੀ ਗਈ। ਉਹਨਾਂ ਤੋ ਉਹਨਾਂ ਦੀ ਪਤਨੀ ਮਨਿੰਦਰ ਕੌਰ ਓਬਰਾਏ ਨੇ ਅੱਜ ਲੋੜਵੰਦ ਸ਼ਰਧਾਲੂਆਂ ਨੂੰ ਆਪਣੇ ਖਰਚ ‘ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਦੀਦਾਰ ਕਰਵਾਉਣ ਦੇ ਚੁੱਕੇ ਬੀੜੇ ਤਹਿਤ 107 ਸ਼ਰਧਾਲੂਆਂ ਦੇ ਇੱਕ ਜੱਥੇ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਝੰਡੀ ਵਿਖਾ ਕੇ ਰਵਾਨਾ ਕੀਤਾ। ਮਨਿੰਦਰ ਕੌਰ ਓਬਰਾਏ ਨੇ ਦੱਸਿਆ ਕਿ ਲਾਂਘਾ ਖੁੱਲਣ ਕਾਰਨ ਬਾਬੇ ਨਾਨਕ ਦੇ ਦਰ ਦੇ ਦਰਸ਼ਨ ਕਰਨ ਲਈ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਮਨਾਂ ਅੰਦਰ ਭਾਰੀ ਚਾਅ ਤੇ ਉਤਸ਼ਾਹ ਹੈ। 

ਟਰੱਸਟ ਵੱਲੋਂ ਹੁਣ 1100 ਦੀ ਥਾਂ 2500 ਸ਼ਰਧਾਲੂਆਂ ਨੂੰ ਇਸ ਸਾਲ ਕਰਵਾਏ ਜਾਣਗੇ ਦਰਸ਼ਨ

ਮਨਿੰਦਰ ਕੌਰ ਨੇ ਦੱਸਿਆ ਕਿ ਡਾ: ਐਸਪੀ ਸਿੰਘ ਓਬਰਾਏ ਦੇ ਧਿਆਨ ‘ਚ ਆਇਆ ਸੀ ਕਿ ਲੰਮੀ-ਚੌੜੀ ਕਾਗਜੀ ਕਾਰਵਾਈ ਅਤੇ ਇਸ ਯਾਤਰਾ ਦੌਰਾਨ ਆਉਣ ਵਾਲਾ ਖਰਚ ਹਰੇਕ ਸ਼ਰਧਾਲੂ ਦੀ ਜੇਬ ਨਹੀਂ ਚੁੱਕ ਸਕਦੀ ਹੈ। ਜਦਕਿ ਉਹਨਾਂ ਦੀ ਇੱਛਾ ਹੈ ਕਿ ਵੱਧ ਤੋਂ ਵੱਧ ਸ਼ਰਧਾਲੂ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾ ਸਕਣ। ਜਿਸ ਕਰਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਫੈਸਲੇ ਅਨੁਸਾਰ ਪਹਿਲੇ ਪੜਾਅ ਤਹਿਤ 30 ਨਵੰਬਰ, 2020 ਤੱਕ 1100 ਲੋੜਵੰਦ ਸ਼ਰਧਾਲੂਆਂ ਨੂੰ ਆਪਣੇ ਖਰਚੇ ‘ਤੇ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਪਰ ਹੁਣ ਸੰਗਤਾਂ ਦੇ ਉਤਸ਼ਾਹ ਨੂੰ ਵੇਖਦਿਆਂ ਹੋਇਆਂ ਟਰੱਸਟ ਨੇ 1100 ਦੀ ਥਾਂ 2500 ਸ਼ਰਧਾਲੂਆਂ ਨੂੰ ਦਰਸ਼ਨ ਕਰਾਉਣ ਦਾ ਫੈਸਲਾ ਲਿਆ ਹੈ ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।