ਮੁੰਬਈ| ਨਾਰਕੋਟਿਕਸ ਕੰਟਰੋਲ ਬਿਊਰੋ ਦੇ ਮੁੰਬਈ ਜ਼ੋਨਲ ਦੇ ਸਾਬਕਾ ਡਾਇਰੈਕਟਰ ਸਮੀਰ ਵਾਨਖੇੜੇ ਰਿਸ਼ਵਤ ਮਾਮਲੇ ਵਿੱਚ ਮੁਲਜ਼ਮ ਹਨ। ਇਸ ਸਬੰਧੀ ਸਮੀਰ ਵਾਨਖੇੜੇ ਖਿਲਾਫ ਜਾਂਚ ਚੱਲ ਰਹੀ ਹੈ ਅਤੇ ਉਹ ਸੀਬੀਆਈ ਦੇ ਸਾਹਮਣੇ ਵੀ ਪੇਸ਼ ਹੋ ਚੁੱਕਾ ਹੈ। ਹੁਣ ਖਬਰ ਆਈ ਹੈ ਕਿ ਸਮੀਰ ਵਾਨਖੇੜੇ ਨੂੰ ਅੰਡਰਵਰਲਡ ਗੈਂਗਸਟਰ ਦਾਊਦ ਇਬਰਾਹਿਮ ਦੇ ਨਾਂ ‘ਤੇ ਧਮਕੀਆਂ ਮਿਲੀਆਂ ਹਨ। ਵਾਨਖੇੜੇ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਹੈ। ਜਿਸ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਮੀਰ ਵਾਨਖੇੜੇ ‘ਤੇ ਕਰੂਜ਼ ‘ਤੇ ਡਰੱਗ ਲੈਣ ਦੇ ਮਾਮਲੇ ‘ਚ ਰਿਸ਼ਵਤ ਮੰਗਣ ਦਾ ਦੋਸ਼ ਹੈ।

ਦੱਸ ਦੇਈਏ ਕਿ ਇਸ ਮਾਮਲੇ ‘ਚ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਸਮੀਰ ਵਾਨਖੇੜੇ ਨੇ ਮੁੰਬਈ ਪੁਲਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਨੂੰ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਵਾਨਖੇੜੇ ਮੁਤਾਬਕ ਇਹ ਧਮਕੀ ਦਾਊਦ ਇਬਰਾਹਿਮ ਦੇ ਨਾਂ ‘ਤੇ ਦਿੱਤੀ ਗਈ ਹੈ। ਵਾਨਖੇੜੇ ਨੇ ਪੁਲਸ ਨੂੰ ਸਵਾਲ ਕੀਤਾ ਹੈ ਕਿ ਜੇਕਰ ਉਸ ‘ਤੇ ਜਾਂ ਉਸ ਦੇ ਪਰਿਵਾਰ ‘ਤੇ ਹਮਲਾ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ?

ਇਸ ਦੇ ਨਾਲ ਹੀ, ਸ਼ਿਕਾਇਤ ਮਿਲਣ ਤੋਂ ਬਾਅਦ, ਮੁੰਬਈ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਮੀਰ ਵਾਨਖੇੜੇ ‘ਤੇ ਆਰੀਅਨ ਖਾਨ ਨੂੰ ਡਰੱਗਜ਼ ਮਾਮਲੇ ‘ਚ ਨਾ ਫਸਾਉਣ ਲਈ 25 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਹੈ। ਮਾਮਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ। ਸਮੀਰ ਵਾਨਖੇੜੇ ਨੇ ਸੀਬੀਆਈ ਦੀ ਕਾਰਵਾਈ ਖ਼ਿਲਾਫ਼ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜਿਸ ਤੋਂ ਬਾਅਦ ਵਾਨਖੇੜੇ ਨੂੰ ਹਾਈ ਕੋਰਟ ਤੋਂ 22 ਮਈ ਤੱਕ ਗ੍ਰਿਫ਼ਤਾਰੀ ਤੋਂ ਸੁਰੱਖਿਆ ਮਿਲ ਗਈ ਸੀ। ਬਾਅਦ ਵਿੱਚ ਹਾਈ ਕੋਰਟ ਨੇ ਇਹ ਰਾਹਤ 8 ਜੂਨ ਤੱਕ ਵਧਾ ਦਿੱਤੀ ਹੈ।