ਨਵੀਂ ਦਿੱਲੀ | ਉਦਯੋਗਪਤੀ ਆਨੰਦ ਮਹਿੰਦਰਾ ਨੂੰ ਕੌਣ ਨਹੀਂ ਜਾਣਦਾ। ਆਏ ਦਿਨ ਉਹ ਆਪਣੇ ਟਵਿੱਟਰ ਅਕਾਊਂਟ ‘ਤੇ ਕੋਈ ਨਾ ਕੋਈ ਵੀਡੀਓ ਜਾਂ ਪੋਸਟ ਸ਼ੇਅਰ ਕਰਦੇ ਰਹਿੰਦੇ ਹਨ।

ਇਹ ਵੀਡੀਓਜ਼ ਜਾਂ ਪੋਸਟਾਂ ਜਾਂ ਤਾਂ ਬਹੁਤ ਮਜ਼ਾਕੀਆ ਹੁੰਦੇ ਹਨ ਜਾਂ ਪ੍ਰੇਰਨਾਦਾਇਕ। ਇਕ ਵਾਰ ਫਿਰ ਉਨ੍ਹਾਂ ਨੇ ਅਜਿਹਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ।

ਇਸ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਈ-ਰਿਕਸ਼ਾ ਚਲਾ ਰਿਹਾ ਹੈ, ਜਿਸ ਦੇ ਹੱਥ-ਪੈਰ ਦੋਵੇਂ ਹੀ ਨਹੀਂ ਹਨ।

ਆਨੰਦ ਮਹਿੰਦਰਾ ਨੇ ਟਵੀਟ ਕਰਕੇ ਲਿਖਿਆ, “ਮੈਨੂੰ ਇਹ ਵੀਡੀਓ ਆਪਣੀ ਟਾਈਮਲਾਈਨ ‘ਤੇ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਇਸ ਵਿਅਕਤੀ ਦੀ ਉਮਰ ਕਿੰਨੀ ਹੈ ਤੇ ਇਹ ਕਿੱਥੋਂ ਦਾ ਹੈ ਪਰ ਮੈਂ ਇਸ ਵਿਅਕਤੀ ਨੂੰ ਦੇਖ ਕੇ ਹੈਰਾਨ ਹਾਂ। ਇਸ ਵਿਅਕਤੀ ਕੋਲ ਕੀ ਨਹੀਂ ਹੈ, ਉਸ ਦਾ ਗਮ ਨਹੀਂ ਹੈ ਪਰ ਉਹ ਉਸ ਵਿੱਚ ਖੁਸ਼ ਹੈ ਜੋ ਉਸ ਕੋਲ ਹੈ।”

ਉਨ੍ਹਾਂ ਮਹਿੰਦਰਾ ਲਾਜਿਸਟਿਕਸ ਲਿਮਟਿਡ ਦਾ ਜ਼ਿਕਰ ਕਰਦੇ ਹੋਏ ਲਿਖਿਆ, “ਕੀ ਉਨ੍ਹਾਂ ਨੂੰ ਬਿਜ਼ਨੈੱਸ ਐਸੋਸੀਏਸ਼ਨ ਬਣਾਇਆ ਜਾ ਸਕਦਾ ਹੈ?” ਯਾਨੀ ਕਿ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਆਨੰਦ ਮਹਿੰਦਰਾ ਨੇ ਇਸ ਸ਼ਖਸ ਦੀ ਵੀਡੀਓ ਦੇਖ ਕੇ ਉਸ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਹੈ। ਵੇਖੋ ਆਨੰਦ ਮਹਿੰਦਰਾ ਨੇ ਕਿਹੜੀ ਵੀਡੀਓ ਸ਼ੇਅਰ ਕੀਤੀ ਹੈ।

ਕੌਣ ਹੈ ਇਹ ਵਿਅਕਤੀ?

ਆਨੰਦ ਮਹਿੰਦਰਾ ਦੇ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਵੀਡੀਓ ਬਣਾਉਣ ਵਾਲੇ ਵਿਅਕਤੀ ਕ੍ਰਿਸ਼ਨ ਕੁਮਾਰ ਨੇ ਜਵਾਬ ਦਿੱਤਾ, ”ਸਰ, ਮੈਂ ਇਸ ਵਿਅਕਤੀ ਨੂੰ ਦੱਖਣੀ ਦਿੱਲੀ ਦੇ ਮਹਿਰੌਲੀ ਇਲਾਕੇ ‘ਚ ਦੇਖਿਆ ਸੀ। ਉਹ ਕਿੱਥੇ ਰਹਿੰਦਾ ਹੈ, ਇਹ ਤਾਂ ਪਤਾ ਨਹੀਂ ਪਰ ਉਸ ਦੀ ਹਿੰਮਤ ਦੀ ਕਦਰ ਕਰਨੀ ਬਣਦੀ ਹੈ।”

ਬਿਨਾਂ ਹੱਥਾਂ-ਪੈਰਾਂ ਦੇ ਚਲਾਉਂਦਾ ਹੈ ਈ-ਰਿਕਸ਼ਾ

ਇਸ ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਵਿਅਕਤੀ ਹੱਥ-ਪੈਰ ਨਾ ਹੋਣ ਦੇ ਬਾਵਜੂਦ ਈ-ਰਿਕਸ਼ਾ ਚਲਾ ਰਿਹਾ ਹੈ। ਇਹ ਵੀਡੀਓ 1 ਮਿੰਟ 7 ਸੈਕਿੰਡ ਦਾ ਹੈ, ਜਿਸ ਨੂੰ ਸੋਮਵਾਰ ਰਾਤ 10 ਵਜੇ ਤੱਕ ਕਰੀਬ 2.77 ਲੱਖ ਵਾਰ ਦੇਖਿਆ ਗਿਆ।

ਇਸ ਨੂੰ ਕਰੀਬ 21 ਹਜ਼ਾਰ ਲੋਕਾਂ ਨੇ ਲਾਈਕ ਕੀਤਾ ਹੈ ਤੇ ਇਸ ਨੂੰ ਲਗਭਗ 4 ਹਜ਼ਾਰ ਵਾਰ ਰੀ-ਟਵੀਟ ਕੀਤਾ ਗਿਆ ਹੈ। ਵੀਡੀਓ ‘ਚ ਵਿਅਕਤੀ ਦੱਸਦਾ ਹੈ ਕਿ ਉਹ ਕਰੀਬ 5 ਸਾਲਾਂ ਤੋਂ ਰਿਕਸ਼ਾ ਚਲਾ ਰਿਹਾ ਹੈ। ਉਸ ਦੇ ਘਰ ‘ਚ ਪਤਨੀ, 2 ਬੱਚੇ ਤੇ ਬਜ਼ੁਰਗ ਪਿਤਾ ਹਨ। ਉਹ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ।