ਲੁਧਿਆਣਾ, 9 ਦਸੰਬਰ | ਬੀਤੀ ਰਾਤ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਬਾਹਰ ਭਾਰੀ ਹੰਗਾਮਾ ਹੋਇਆ। ਰੇਲ ਗੱਡੀਆਂ ਵਿਚ ਸਾਮਾਨ ਵੇਚਣ ਵਾਲੇ ਵਿਕਰੇਤਾ ਦੇ ਪੇਟ ਵਿਚ ਜੇਬ ਕਤਰੇ ਨੇ ਚਾਕੂ ਮਾਰ ਦਿੱਤਾ। ਖੂਨ ਨਾਲ ਲੱਥਪੱਥ ਵਿਅਕਤੀ ਨੂੰ ਚੀਕਦਾ ਦੇਖ ਆਸ-ਪਾਸ ਦੇ ਲੋਕਾਂ ਨੇ ਤੁਰੰਤ ਹਮਲਾਵਰ ਨੂੰ ਕਾਬੂ ਕਰ ਲਿਆ। ਲੋਕਾਂ ਦੀ ਮਦਦ ਨਾਲ ਜ਼ਖਮੀ ਵਿਅਕਤੀ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ।

ਲੋਕ ਦੋਸ਼ੀ ਜੇਬ ਕਤਰੇ ਨੂੰ ਵੀ ਹਸਪਤਾਲ ਲੈ ਕੇ ਆਏ। ਜ਼ਖਮੀ ਦਾ ਨਾਂ ਹੈਦਰ ਅਲੀ ਹੈ। ਹੈਦਰ ਅਲੀ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪੀ.ਜੀ.ਆਈ. ਰੈਫਰ ਕੀਤਾ।

ਜਾਣਕਾਰੀ ਦਿੰਦਿਆਂ ਹੈਦਰ ਅਲੀ ਨੇ ਦੱਸਿਆ ਕਿ ਉਹ ਸਟੇਸ਼ਨ ‘ਤੇ ਚਾਹ ਵੇਚਣ ਦਾ ਕੰਮ ਕਰਦਾ ਹੈ। ਉਹ ਸਟੇਸ਼ਨ ਦੇ ਬਾਹਰ ਆਪਣੇ ਦੋਸਤਾਂ ਨਾਲ ਚਾਹ ਪੀ ਰਿਹਾ ਸੀ। ਉਸੇ ਸਮੇਂ ਇੱਕ ਜੇਬ ਕਤਰਾ ਸ਼ਰਾਬ ਦੇ ਨਸ਼ੇ ਵਿਚ ਆ ਗਿਆ। ਉਸ ਨੇ ਖੋਹ ਮਾਰ ਦੀ ਕੋਸ਼ਿਸ਼ ਕੀਤੀ।  ਹੈਦਰ ਮੁਤਾਬਕ ਜਦੋਂ ਉਸ ਨੇ ਜੇਬ ਕਤਰੇ ਦਾ ਵਿਰੋਧ ਕੀਤਾ ਤਾਂ ਉਸ ਨੇ ਉਸ ਦੇ ਪੇਟ ਵਿਚ ਚਾਕੂ ਮਾਰ ਦਿੱਤਾ। ਚਾਕੂ ਢਿੱਡ ਵਿਚ 2 ਤੋਂ 3 ਇੰਚ ਦੇ ਅੰਦਰ ਵੜ ਗਿਆ।

ਸਿਵਲ ਹਸਪਤਾਲ ਪੁੱਜੇ ਗੌਰਵ ਨੇ ਦੱਸਿਆ ਕਿ ਬਿਜਲੀ ਦੇ ਕੈਬਿਨ ਦੇ ਬਾਹਰ ਇਲਾਚੀ ਨਾਮਕ ਵਿਅਕਤੀ ਦੀ ਕੰਟੀਨ ਹੈ। ਹੈਦਰ ਅਲੀ ਸਾਡੇ ਨਾਲ ਚਾਹ ਪੀ ਰਿਹਾ ਸੀ। ਉਦੋਂ ਹੀ ਸਤਵਿੰਦਰ ਕੁਝ ਦੂਰੀ ‘ਤੇ ਖੜ੍ਹਾ ਸੀ। ਜਦੋਂ ਹੈਦਰ ਇਕੱਲਾ ਘਰ ਜਾਣ ਲੱਗਾ ਤਾਂ ਉਸ ਨੇ ਹੈਦਰ ਨੂੰ ਚਾਕੂ ਮਾਰ ਦਿੱਤਾ। ਹੈਦਰ ਦੀ ਚੀਕ ਸੁਣ ਕੇ ਸਾਰੇ ਇਕੱਠੇ ਹੋ ਗਏ। ਬਦਮਾਸ਼ ਨੂੰ ਮੌਕੇ ‘ਤੇ ਕਾਬੂ ਕਰ ਲਿਆ ਗਿਆ। ਉਸ ਦੀ ਜੇਬ ਵਿਚੋਂ ਇੱਕ ਚਾਕੂ ਵੀ ਬਰਾਮਦ ਹੋਇਆ ਹੈ। ਫਿਲਹਾਲ ਇਸ ਨੂੰ ਥਾਣਾ ਕੋਤਵਾਲੀ ਦੇ ਹਵਾਲੇ ਕੀਤਾ ਜਾ ਰਿਹਾ ਹੈ।