ਰੋਪੜ/ਸ੍ਰੀ ਕੀਰਤਪੁਰ ਸਾਹਿਬ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸ਼ੁੱਕਰਵਾਰ ਬਾਅਦ ਦੁਪਹਿਰ ਬੁੰਗਾ ਸਾਹਿਬ ਬੱਸ ਅੱਡੇ ਨੇੜੇ ਭਾਖੜਾ ਨਹਿਰ ਦੀ ਛੋਟੀ ਪੁਲੀ-ਕਮ-ਸਾਈਫਨ ’ਚ ਨਹਾਉਣ ਲਈ ਗਏ ਤਾਏ ਅਤੇ ਭਤੀਜੇ ਦੇ ਤੇਜ਼ ਪਾਣੀ ’ਚ ਰੁੜ੍ਹਨ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸਐੱਚਓ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਓਮ ਪ੍ਰਕਾਸ਼ (45) ਪੁੱਤਰ ਲੱਲੂ ਸਿੰਘ ਵਾਸੀ ਰਾਜਬਰੋਲੀਆ ਤਹਿਸੀਲ ਬਿਰਸੀ ਜ਼ਿਲ੍ਹਾ ਬਦਾਈਂ ਯੂਪੀ ਪਿੰਡ ਫਤਿਹਪੁਰ ਬੁੰਗਾ ਭਾਖੜਾ ਨਹਿਰ ਦੇ ਨਜ਼ਦੀਕ ਰਹਿੰਦਾ ਹੈ ਅਤੇ ਛੋਟੇ ਟੈਂਪੂ ’ਤੇ ਪਿੰਡ-ਪਿੰਡ ਘੁੰਮ ਕੇ ਸਬਜ਼ੀ ਵੇਚਦਾ ਹੈ।

ਉਸ ਕੋਲ ਉਸ ਦੇ ਭਰਾ ਮੋਤੀ ਰਾਮ ਜੋ ਕਿ ਚੰਡੀਗੜ੍ਹ ਵਿਖੇ ਰਹਿੰਦਾ ਹੈ, ਦਾ 12 ਸਾਲ ਦਾ ਲੜਕਾ ਗੋਬਿੰਦਾ ਸਕੂਲ ’ਚ ਛੁੱਟੀਆਂ ਹੋਣ ’ਤੇ ਰਹਿਣ ਲਈ ਆਇਆ ਹੋਇਆ ਸੀ। ਅੱਜ ਬਾਅਦ ਦੁਪਹਿਰ 1.30 ਵਜੇ ਓਮ ਪ੍ਰਕਾਸ਼ ਅਤੇ ਉਸਦਾ ਭਤੀਜਾ ਗੋਬਿੰਦਾ ਭਾਖੜਾ ਨਹਿਰ ’ਚ ਨਹਾ ਰਹੇ ਸਨ ਕਿ ਇਸ ਦੌਰਾਨ ਗੋਬਿੰਦਾ ਤੇਜ਼ ਪਾਣੀ ਵਿਚ ਰੁੜ੍ਹ ਗਿਆ, ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਉਸਦਾ ਤਾਇਆ ਓਮ ਪ੍ਰਕਾਸ਼ ਵੀ ਰੁੜ੍ਹ ਗਿਆ। ਲੋਕਾਂ ਨੇ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਤੇਜ਼ ਹੋਣ ਕਾਰਨ ਉਹ ਪਾਣੀ ਦੇ ਹੇਠਾਂ ਚਲੇ ਗਏ। ਪਰਿਵਾਰਕ ਮੈਂਬਰਾਂ ਤੇ ਪੁਲਿਸ ਵੱਲੋਂ ਦੋਵਾਂ ਦੀ ਨਹਿਰ ਵਿਚ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਵੇਖੋ ਵੀਡੀਓ