ਮੋਹਾਲੀ | CM ਮਾਨ ਵੱਲੋਂ ਅੱਜ ਮੋਹਾਲੀ ਦੇ ਖਰੜ ਵਿਚ 8.59 ਕਰੋੜ ਦੀ ਲਾਗਤ ਵਾਲੇ 50 ਬੈੱਡ ਵਾਲੇ ਹਸਪਤਾਲ ਨੂੰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਜਲੰਧਰ ਵਿਚ ਵਿਰੋਧੀ ਪਾਰਟੀਆਂ ਵਲੋਂ ਕੀਤੀ ਮੀਟਿੰਗ ਉਤੇ ਬੋਲਦਿਆਂ ਕਾਂਗਰਸ ਉਤੇ ਜੰਮ ਕੇ ਵਰ੍ਹੇ।

ਇਸ ਮੌਕੇ ਸੀਐਮ ਮਾਨ ਨੇ ਕਾਂਗਰਸ ਦੇ ਨਵਜੋਤ ਸਿੱਧੂ ਬਾਰੇ ਕਿਹਾ ਕਿ ਇਹ ਬੰਦਾ ਵਿਆਹਾਂ ਉਤੇ ਦਿੱਤੇ ਜਾਣ ਵਾਲੇ ਸੂਟ ਵਰਗਾ ਹੈ, ਜਿਸਨੂੰ ਕੋਈ ਖੋਲ੍ਹਦਾ ਨਹੀਂ, ਇਸਨੂੰ ਅੱਗੇ ਦੀ ਅੱਗੇ ਤੋਰ ਦਿੱਤਾ ਜਾਂਦਾ ਹੈ।ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਕਾਂਗਰਸ ਨੇ ਇਸਨੂੰ ਖੋਲ੍ਹ ਲਿਆ ਹੈ, ਹੁਣ ਸਮਝ ਨੀਂ ਆ ਰਹੀ ਕਿ ਲਿਫਾਫੇ ਵਿਚ ਕਿੱਦਾਂ ਪਾਈਏ।

ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਸਾਬ੍ਹ ਨੇ ਜਲੰਧਰ ਵਿਚ ਵਿਰੋਧੀ ਪਾਰਟੀਆਂ ਦੀ ਮੀਟਿੰਗ ਵਿਚ ਕਿਹਾ ਸੀ ਕਿ ਮਾਨ ਸਾਬ੍ਹ ਡੇਢ ਸਾਲ ਹੋ ਗਿਆ, ਕੀ ਬਦਲਾਅ ਲਿਆਂਦਾ, ਬਸ ਇਕ ਘਰ ਵਾਲੀ ਹੀ ਬਦਲੀ ਹੈ, ਇਹੀ ਬਦਲਾਅ ਕੀਤਾ, ਮਾਨ ਨੇ ਕਿਹਾ ਕਿ ਮੈਂ ਨਵਜੋਤ ਸਿੰਘ ਸਿੱਧੂ ਨੂੰ ਇਹ ਯਾਦ ਕਰਵਾ ਦੇਣਾ ਚਾਹੁੰਦਾਂ ਹਾਂ ਕਿ ਤੁਸੀਂ ਵੀ ਦੂਜੀ ਮਾਂ ਦੇ ਹੀ ਪੁੱਤ ਹੋ। ਤੁਹਾਡੇ ਫਾਦਰ ਸਾਬ੍ਹ ਵੀ ਜੇਕਰ ਦੂਜਾ ਵਿਆਹ ਨਾ ਕਰਦੇ ਤਾਂ ਤੁਸੀਂ ਵੀ ਨਹੀਂ ਹੋਣਾ ਸੀ। ਮਾਨ ਨੇ ਕਿਹਾ ਕਿ ਜੇਕਰ ਤੁਹਾਡੇ ਪਿਤਾ ਜੀ ਵੀ ਬਦਲਾਅ ਨਾ ਲਿਆਉਂਦੇ ਤਾਂ ਤੁਸੀਂ ਵੀ ਨੀ ਹੋਣਾ ਸੀ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਮਾਨ ਅੱਜ ਮੋਹਾਲੀ ਦੇ ਖਰੜ ਵਿਚ 50 ਬੈੱਡਾਂ ਵਾਲੇ ਹਸਪਤਾਲ ਦਾ ਉਦਘਾਟਨ ਕਰ ਰਹੇ ਸਨ। ਇਹ ਹਸਪਤਾਲ 8.59 ਕਰੋੜ ਦੀ ਲਾਗਤ ਨਾਲ ਬਣਿਆ ਹੈ। ਇਸ ਮੌਕੇ ਬੋਲਦਿਆਂ ਮਾਨ ਨੇ ਕਿਹਾ ਕਿ ਆਪ ਸਰਕਾਰ ਆਪਣੀਆਂ ਦਿੱਤੀਆਂ ਗਾਰੰਟੀਆਂ ਨੂੰ ਲਗਾਤਾਰ ਪੂਰਾ ਕਰ ਰਹੀ ਹੈ।