ਨਿਊਜ਼ ਡੈਸਕ। ਬਲਾਤਕਾਰ ਤੇ ਮਰਡਰ ਦੇ ਕੇਸ ਵਿਚ ਸਜ਼ਾ ਭੁਗਤ ਰਿਹ ਤੇ ਅੱਜਕਲ੍ਹ ਪੈਰੋਲ ਉਤੇ ਚੱਲ ਰਿਹਾ ਸਿਰਸਾ ਸਾਧ ਰਾਮ ਰਹੀਮ ਆਨਲਾਈਨ ਹੋ ਕੇ ਰੋਜ਼ ਨਵੇਂ-ਨਵੇਂ ਖੁਲਾਸੇ ਕਰਦਾ ਹੈ। ਲੰਘੇ ਦਿਨ ਹੀ ਉਸਨੇ ਆਨਲਾਈਨ ਹੋ ਕੇ ਚਾਹ ਬਣਾਉਣ ਦੀ ਜਾਣਕਾਰੀ ਦਿੱਤੀ ਸੀ ਕਿ ਚਾਹ ਨੂੰ ਕਾੜ੍ਹ ਕੇ ਨਹੀਂ ਬਣਾਉਣਾ ਚਾਹੀਦਾ। ਇਸ ਤੋਂ ਪਹਿਲਾਂ ਇਕ ਵਾਇਰਲ ਵੀਡੀਓ ਵਿਚ ਉਹ ਆਂਡੇ ਦੇ ਮਾਸਾਹਾਰੀ ਜਾਂ ਸ਼ਾਕਾਹਾਰੀ ਹੋਣ ਉਤੇ ਵੀ ਚਰਚਾ ਕਰਦਾ ਦਿਖਾਈ ਦੇ ਰਿਹਾ ਹੈ।
ਇਕ ਤਾਜ਼ਾ ਵੀਡੀਓ ਵਿਚ ਰਾਮ ਰਹੀਮ ਮਹਿਲਾਵਾਂ ਨੂੰ ਬਿਊਟੀ ਟਿਪਸ ਦੇ ਰਿਹਾ ਹੈ। ਉਹ ਦੱਸ ਰਿਹਾ ਹੈ ਕਿ ਪਿਓਰ ਐਲੋਵੀਰਾ ਜੈੱਲ ਨੂੰ ਦਿਨ ਵਿਚ 3 ਵਾਰ ਚਿਹਰੇ ਉਤੇ 15-15 ਮਿੰਟ ਲਗਾਓ ਤੇ ਉਸ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰੇ ਨੂੰ ਧੋ ਦਿਓ। ਇਸ ਨਾਲ ਚਿਹਰਾ ਚਮਕ ਜਾਵੇਗਾ। ਇਸ ਤੋਂ ਬਾਅਦ ਇਕ ਪ੍ਰੇਮੀ ਵਲੋਂ ਆਨਲਾਈਨ ਸਫੈਦ ਵਾਲਾਂ ਦੀ ਪ੍ਰਾਬਲਮ ਨੂੰ ਦੂਰ ਕਰਨ ਲਈ ਪੁੱਛੇ ਗਏ ਸਵਾਲ ਉਤੇ ਬਾਬਾ ਦੱਸਦਾ ਹੈ ਕਿ ਆਂਵਲੇ ਨੂੰ ਸ਼ਹਿਦ ਤੇ ਤ੍ਰਿਫਲਾ ਨਾਲ ਲੈਣ ਨਾਲ ਵਾਲ਼ ਕਾਫੀ ਹੱਦ ਤੱਕ ਕਾਲੇ ਹੋ ਜਾਣਗੇ। ਇਕ ਭਗਤ ਵਲੋਂ ਇਹ ਪੁੱਛੇ ਜਾਣ ਉਤੇ ਕਿ ਅੱਜਕਲ੍ਹ ਜਿੰਮ ਜਾਣ ਵਾਲੇ, ਖਾਸ ਤੌਰ ਉਤੇ ਬਾਲੀਵੁੱਡ ਸੈਲੇਬ੍ਰਿਟੀ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ ਤਾਂ ਰਾਮ ਰਹੀਮ ਦੱਸਦਾ ਹੈ ਕਿ ਇਸਦੇ ਪਿੱਛੇ ਸਭ ਤੋਂ ਵੱਡਾ ਕਾਰਨ ਸਟੀਰਾਈਡ ਹੈ। ਮਸਲ ਬਣਾਉਣ ਲਈ ਲਈਆਂ ਜ਼ਿਆਦਾ ਦਵਾਈਆਂ ਨੂੰ ਵੀ ਹਾਰਟ ਅਟੈਕ ਦਾ ਕਾਰਨ ਦੱਸਦਾ ਹੈ।
ਇਕ ਡੇਰਾ ਪ੍ਰੇਮੀ ਵਲੋਂ ਇਹ ਪੁੱਛਣ ਉਤੇ ਕਿ ਆਪਣੀ ਪਤਨੀ ਨੂੰ ਲੈ ਕੇ ਹਰ ਵੇਲੇ ਕਾਮਵਾਸਨਾ ਦੇ ਖਿਆਲ ਮਨ ਵਿਚ ਆਉਂਦੇ ਰਹਿੰਦੇ ਹਨ ਤਾਂ ਰਾਮ ਰਹੀਮ ਕਹਿੰਦਾ ਹੈ ਕਿ ਇਸਦਾ ਇੱਕੋ ਇਕ ਹੱਲ ਪ੍ਰਮਾਤਮਾ ਦਾ ਸਿਮਰਨ ਹੈ।