ਚੰਡੀਗੜ੍ਹ/ਅੰਮ੍ਰਿਤਸਰ | ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵਿਅਕਤੀ ਵੱਲੋਂ ਜੰਮੂ -ਕਸਮੀਰ ਤੋਂ ਲਿਆਂਦੀ 17 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਅਰੋਪੀ ਨੂੰ ਪਠਾਨਕੋਟ ਜ਼ਿਲੇ ਦੇ ਮਾਧੋਪੁਰ ਤੋਂ ਪੀਬੀ 01 ਏ 6708 ਨੰਬਰ ਵਾਲੀ ਇਨੋਵਾ ਕੈਬ ਸਣੇ ਗ੍ਰਿਫਤਾਰ ਕੀਤਾ ਗਿਆ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ 1 ਜਨਵਰੀ 2021 ਤੋਂ ਹੁਣ ਤੱਕ ਲਗਭਗ 400 ਕਿਲੋ ਹੈਰੋਇਨ, 4 ਕਿਲੋ ਸਮੈਕ, 6 ਕਿਲੋ ਕੋਕੀਨ ਫੜ੍ਹੇ ਗਏ ਹਨ।
ਅਰੋਪੀ ਦੀ ਪਛਾਣ ਰਣਜੀਤ ਸਿੰਘ ਵਾਸੀ ਸਹੀਦ ਊਧਮ ਸਿੰਘ ਕਲੋਨੀ ਅੰਮ੍ਰਿਤਸਰ ਵਜੋਂ ਹੋਈ ਹੈ। ਖੇਪ ਦੀ ਤਸਕਰੀ ਲਈ ਗੱਡੀ ਹੇਠ ਬਣਾਈ ਗਈ ਵਿਸ਼ੇਸ਼ ਥਾਂ ਦੀ ਵਰਤੋਂ ਕਰ ਰਿਹਾ ਸੀ।
ਡੀਜੀਪੀ ਨੇ ਕਿਹਾ ਕਿ ਪੁਲਿਸ ਨੂੰ ਇਹ ਸੂਹ ਮਿਲਣ ਤੋਂ ਬਾਅਦ ਕਿ ਸੋਨੂੰ ਪਠਾਨਕੋਟ ਦੇ ਰਸਤੇ ਅੰਮ੍ਰਿਤਸਰ ਜਾ ਰਿਹਾ ਹੈ, ਐਸਐਸਪੀ ਗੁਲਨੀਤ ਖੁਰਾਣਾ ਨੇ ਟੀਮਾਂ ਬਣਾ ਕੇ ਉਸ ਨੂੰ ਫੜਿਆ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਮਾਧੋਪੁਰ ਵਿੱਚ ਇਨੋਵਾ ਗੱਡੀ ਜਿਸਨੂੰ ਸੋਨੂ ਚਲਾ ਰਿਹਾ ਸੀ, ਨੂੰ ਸਫ਼ਲਤਾਪੂਰਵਕ ਰੋਕ ਲਿਆ ਅਤੇ 16.87 ਕਿਲੋਗ੍ਰਾਮ ਹੈਰੋਇਨ ਦੇ 16 ਪੈਕਟ ਬਰਾਮਦ ਕੀਤੇ । ਇਨਾਂ ਪੈਕਟਾਂ ਨੂੰ ਵਾਹਨ ਦੇ ਹੇਠਾਂ ਵਿਸੇਸ ਤੌਰ ’ਤੇ ਬਣਾਈ ਗਈ ਥਾਂ ਵਿੱਚ ਲੁਕਾ ਕੇ ਰੱਖਿਆ ਗਿਆ ਸੀ।
ਡੀ.ਜੀ.ਪੀ. ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਸੋਨੂੰ ਨੇ ਖੁਲਾਸਾ ਕੀਤਾ ਕਿ ਉਸਨੇ ਇਹ ਖੇਪ ਤਰਨਤਾਰਨ ਪੱਟੀ ਦੇ ਰਣਜੀਤ ਸਿੰਘ ਉਰਫ ਰਾਣਾ (ਇਸ ਵੇਲੇ ਫਰੀਦਕੋਟ ਜੇਲ ਵਿੱਚ ਬੰਦ) ਅਤੇ ਮਲਕੀਤ ਸਿੰਘ ਉਰਫ ਲੱਡੂ (ਸ੍ਰੀ ਮੁਕਤਸਰ ਸਾਹਿਬ ਜੇਲ ਵਿੱਚ ਬੰਦ) ਦੀਆਂ ਹਦਾਇਤਾਂ ’ਤੇ ਜੰਮੂ -ਕਸਮੀਰ ਦੇ ਨੌਸਹਿਰਾ ਖੇਤਰ ਤੋਂ ਪ੍ਰਾਪਤ ਕੀਤੀ ਸੀ। ਸੋਨੂੰ ਨੇ ਇਹ ਵੀ ਦੱਸਿਆ ਕਿ ਰਾਣਾ ਇਸ ਰੈਕੇਟ ਦਾ ਸਰਗਨਾ ਹੈ।
ਜ਼ਿਕਰਯੋਗ ਹੈ ਕਿ ਐਨਡੀਪੀਐਸ ਐਕਟ ਦੀ ਧਾਰਾ 21, 23/61/85 ਅਧੀਨ ਐਫਆਈਆਰ ਨੰਬਰ 164 ਮਿਤੀ 25 ਅਗਸਤ, 2021 ਥਾਣਾ ਕੱਥੂਨੰਗਲ ਅੰਮ੍ਰਿਤਸਰ ਦਿਹਾਤੀ ਵਿਖੇ ਦਰਜ ਕੀਤੀ ਗਈ ਹੈ।
(ਨੋਟ – (ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ) ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)