ਅਯੁਧਿਆ, 22 ਜਨਵਰੀ| ਅਯੁਧਿਆ ਉਸ ਪਲ ਲਈ ਪੂਰੀ ਤਰ੍ਹਾਂ ਤਿਆਰ ਹੈ ਜਿਸ ਦੀ ਰਾਮ ਭਗਤ ਸਾਲਾਂ ਤੋਂ ਉਡੀਕ ਕਰ ਰਹੇ ਸਨ। ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਅੱਜ ਵੱਡੇ ਪੱਧਰ ’ਤੇ ਕੀਤਾ ਜਾਵੇਗਾ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੀਆਂ ਧਾਰਮਿਕ ਰਸਮਾਂ ਵਿਚ ਹਿੱਸਾ ਲੈਣਗੇ। ਸਮਾਰੋਹ ਤੋਂ ਅਗਲੇ ਦਿਨ ਮੰਦਰ ਨੂੰ ਜਨਤਾ ਲਈ ਖੋਲ੍ਹ ਦਿਤਾ ਜਾਵੇਗਾ।

‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਦੁਪਹਿਰ 12:20 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ 1 ਵਜੇ ਤਕ ਪੂਰਾ ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਇਸ ਸਮਾਰੋਹ ਵਾਲੀ ਥਾਂ ’ਤੇ ਸੰਤਾਂ ਅਤੇ ਉੱਘੀਆਂ ਸ਼ਖਸੀਅਤਾਂ ਸਮੇਤ 7,000 ਤੋਂ ਵੱਧ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨਗੇ। ਲੱਖਾਂ ਲੋਕਾਂ ਦੇ ਟੈਲੀਵਿਜ਼ਨ ਅਤੇ ਆਨਲਾਈਨ ਮੰਚਾਂ ’ਤੇ ਇਸ ਸਮਾਗਮ ਨੂੰ ਲਾਈਵ ਵੇਖਣ ਦੀ ਉਮੀਦ ਹੈ।

 

ਇਸ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਾਸਤ ਸੂਬਿਆਂ ਅਤੇ ਉੜੀਸਾ ਨੇ ਛੁੱਟੀ ਦਾ ਐਲਾਨ ਕੀਤਾ ਹੈ, ਜਦਕਿ ਕੇਂਦਰ ਸਰਕਾਰ ਨੇ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ। ਅਧਿਕਾਰੀ ਭਗਵਾਨ ਰਾਮ ਦੇ ਜਨਮ ਸਥਾਨ ਅਯੁਧਿਆ ’ਚ ਤਿਆਰੀਆਂ ਨੂੰ ਅੰਤਿਮ ਛੋਹ ਦੇ ਰਹੇ ਹਨ। ਇਸ ਦੇ ਨਾਲ ਹੀ ਦੇਸ਼-ਵਿਦੇਸ਼ ’ਚ ਇਸ ਮੌਕੇ ’ਤੇ ਵਿਸ਼ੇਸ਼ ਜਸ਼ਨਾਂ ਦਾ ਐਲਾਨ ਕੀਤਾ ਗਿਆ ਹੈ।

 

ਇਨ੍ਹਾਂ ਸਮਾਗਮਾਂ ਦਾ ਐਲਾਨ 22 ਜਨਵਰੀ ਨੂੰ ਵਾਸ਼ਿੰਗਟਨ ਡੀ.ਸੀ. ਤੋਂ ਲੈ ਕੇ ਪੈਰਿਸ ਅਤੇ ਸਿਡਨੀ ਤਕ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ’ਚ ਕੀਤਾ ਗਿਆ ਹੈ।

ਇਹ ਪ੍ਰੋਗਰਾਮ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐੱਚ.ਪੀ.) ਜਾਂ ਹਿੰਦੂ ਪ੍ਰਵਾਸੀ ਸਮਾਜ ਵਲੋਂ 60 ਦੇਸ਼ਾਂ ’ਚ ਕੀਤੇ ਜਾ ਰਹੇ ਹਨ। ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ 14 ਜੋੜੇ ‘ਪ੍ਰਾਣ ਪ੍ਰਤਿਸ਼ਠਾ’ ਲਈ ‘ਯਜਮਾਨ’ ਹੋਣਗੇ। ਮੰਦਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਦੱਸਿਆ ਕਿ ਸਮਾਗਮ ਦੀਆਂ ਰਸਮਾਂ 16 ਜਨਵਰੀ ਨੂੰ ਸ਼ੁਰੂ ਹੋਈਆਂ ਸਨ, ਜੋ 21 ਜਨਵਰੀ ਨੂੰ ਸਮਾਪਤ ਹੋਣਗੀਆਂ।

ਮੈਸੂਰੂ ਦੇ ਮੂਰਤੀਕਾਰ ਅਰੁਣ ਯੋਗੀਰਾਜ ਵਲੋਂ ਬਣਾਈ ਗਈ ਰਾਮ ਲਲਾ ਦੀ 51 ਇੰਚ ਦੀ ਨਵੀਂ ਮੂਰਤੀ ਵੀਰਵਾਰ ਦੁਪਹਿਰ ਨੂੰ ਮੰਦਰ ਦੇ ਪਵਿੱਤਰ ਅਸਥਾਨ ’ਚ ਸਥਾਪਤ ਕੀਤੀ ਗਈ। ਕੱਪੜੇ ਨਾਲ ਢਕੀਆਂ ਅੱਖਾਂ ਵਾਲੀ ਨਵੀਂ ਮੂਰਤੀ ਦੀ ਪਹਿਲੀ ਤਸਵੀਰ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਸੀ। ਰਾਏ ਨੇ ਕਿਹਾ ਕਿ ਮੰਦਰ ’ਚ ਦਾਖ਼ਲਾ ਪੂਰਬ ਦਿਸ਼ਾ ਤੋਂ ਹੋਵੇਗਾ ਅਤੇ ਦੱਖਣ ਦਿਸ਼ਾ ਤੋਂ ਬਾਹਰ ਨਿਕਲਿਆ ਜਾਵੇਗਾ। ਮੰਦਿਰ ਦਾ ਪੂਰਾ ਢਾਂਚਾ ਤਿੰਨ ਮੰਜ਼ਿਲਾ ਹੋਵੇਗਾ। ਸ਼ਰਧਾਲੂਆਂ ਨੂੰ ਮੁੱਖ ਮੰਦਰ ਤਕ ਪਹੁੰਚਣ ਲਈ ਪੂਰਬੀ ਦਿਸ਼ਾ ਤੋਂ 32 ਪੌੜੀਆਂ ਚੜ੍ਹਨੀਆਂ ਪੈਣਗੀਆਂ।

ਰਵਾਇਤੀ ਨਗਾਰਾ ਸ਼ੈਲੀ ਦਾ ਮੰਦਿਰ ਕੰਪਲੈਕਸ 380 ਫੁੱਟ ਲੰਮਾ (ਪੂਰਬ-ਪੱਛਮ ਦਿਸ਼ਾ), 250 ਫੁੱਟ ਚੌੜਾ ਅਤੇ 161 ਫੁੱਟ ਉੱਚਾ ਹੋਵੇਗਾ। ਮੰਦਿਰ ਦੀ ਹਰ ਮੰਜ਼ਿਲ 20 ਫੁੱਟ ਉੱਚੀ ਹੋਵੇਗੀ ਅਤੇ ਇਸ ’ਚ ਕੁਲ 392 ਥੰਮ੍ਹ ਅਤੇ 44 ਗੇਟ ਹੋਣਗੇ। ਸਰਕਾਰ ਇਸ ਖਾਸ ਦਿਨ ਲਈ ਕੋਈ ਕਸਰ ਨਹੀਂ ਛੱਡ ਰਹੀ ਹੈ ਅਤੇ ਸ਼ਹਿਰ ਦੇ ਹਰ ਕੋਨੇ ’ਚ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

ਮੰਦਿਰਾਂ ਦੇ ਸ਼ਹਿਰ ’ਚ ‘ਸ਼ੁਭ ਘੜੀ ਆਈ’, ‘ਰੈਡੀ ਹੈ ਅਯੁੱਧਿਆ ਧਾਮ ਵਿਰਾਜੇਂਗੇ, ਸ਼੍ਰੀ ਰਾਮ’, ‘ਰਾਮ ਫਿਰ ਲੌਟੇਂਗੇ’, ‘ਅਯੁੱਧਿਆ ’ਚ ਰਾਮ ਰਾਜ’ ਵਰਗੇ ਨਾਅਰੇ ਲਿਖੇ ਪੋਸਟਰ ਅਤੇ ਹੋਰਡਿੰਗ ਲੱਗੇ ਹੋਏ ਹਨ। ਰਾਮ ਮਾਰਗ, ਸਰਯੂ ਨਦੀ ਦੇ ਕਿਨਾਰੇ ਅਤੇ ਲਤਾ ਮੰਗੇਸ਼ਕਰ ਚੌਕ ਵਰਗੀਆਂ ਮਹੱਤਵਪੂਰਨ ਥਾਵਾਂ ’ਤੇ ਰਾਮਾਇਣ ਦੇ ਵੱਖ-ਵੱਖ ਸ਼ਲੋਕ ਵਾਲੇ ਪੋਸਟਰ ਵੀ ਲਗਾਏ ਗਏ ਹਨ।