ਨਵੀਂ ਦਿੱਲੀ, 12 ਫਰਵਰੀ | ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਦਾ ਪ੍ਰੋਗਰਾਮ ਬਦਲ ਗਿਆ ਹੈ। ਰਾਹੁਲ ਹੁਣ ਉੱਤਰ ਪ੍ਰਦੇਸ਼ ਵਿਚ ਘੱਟ ਦਿਨ ਰਹਿਣਗੇ, ਜਿਸ ਕਾਰਨ ਯਾਤਰਾ ਆਪਣੇ ਨਿਰਧਾਰਤ ਸਮੇਂ ਤੋਂ ਇਕ ਹਫ਼ਤਾ ਪਹਿਲਾਂ ਹੀ ਖ਼ਤਮ ਹੋ ਸਕਦੀ ਹੈ। ਇਸ ਤੋਂ ਪਹਿਲਾਂ 20 ਮਾਰਚ ਮੁੰਬਈ ‘ਚ ਯਾਤਰਾ ਦਾ ਆਖਰੀ ਦਿਨ ਸੀ। ਹੁਣ ਯਾਤਰਾ ਦਾ ਆਖਰੀ ਦਿਨ 10 ਤੋਂ 14 ਮਾਰਚ ਦਰਮਿਆਨ ਹੋਵੇਗਾ।

ਇਸ ਤੋਂ ਪਹਿਲਾਂ ਯੂਪੀ ਵਿਚ ਨਿਆਂ ਯਾਤਰਾ ਵੱਧ ਤੋਂ ਵੱਧ 11 ਦਿਨ ਰੁਕਣੀ ਸੀ। ਰਾਹੁਲ ਨੇ 14 ਫਰਵਰੀ ਨੂੰ ਯੂਪੀ ਆਉਣਾ ਸੀ ਪਰ ਹੁਣ ਉਹ 16 ਫਰਵਰੀ ਨੂੰ ਆਉਣਗੇ। ਇਸ ਤੋਂ ਬਾਅਦ 22 ਜਾਂ 23 ਫਰਵਰੀ ਨੂੰ ਮੱਧ ਪ੍ਰਦੇਸ਼ ਰਵਾਨਾ ਹੋਣਗੇ। ਪਹਿਲਾਂ ਉਨ੍ਹਾਂ ਨੇ 27-28 ਫਰਵਰੀ ਨੂੰ ਯੂਪੀ ਤੋਂ ਮੱਧ ਪ੍ਰਦੇਸ਼ ਜਾਣਾ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਪਹਿਲਾਂ ਦੀ ਯੋਜਨਾ ਮੁਤਾਬਕ ਰਾਹੁਲ ਦੀ ਯਾਤਰਾ ਚੰਦੌਲੀ ਤੋਂ ਲਖਨਊ ਤੱਕ ਹੀ ਹੋਵੇਗੀ। ਹਾਲਾਂਕਿ ਇਸ ਦੌਰਾਨ ਉਹ ਪੱਛਮੀ ਯੂਪੀ ਦੇ ਜ਼ਿਆਦਾਤਰ ਇਲਾਕਿਆਂ  ‘ਚ ਨਹੀਂ ਜਾਣਗੇ। ਰਾਹੁਲ ਚੰਦੌਲੀ ਤੋਂ ਵਾਰਾਣਸੀ ਅਤੇ ਫਿਰ ਭਦੋਹੀ, ਪ੍ਰਯਾਗਰਾਜ ਅਤੇ ਪ੍ਰਤਾਪਗੜ੍ਹ ਹੁੰਦੇ ਹੋਏ ਅਮੇਠੀ ਜਾਣਗੇ। ਅਗਲੇ ਸਟਾਪ ‘ਤੇ ਰਾਏਬਰੇਲੀ ਅਤੇ ਲਖਨਊ ਪਹੁੰਚਣਗੇ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਯੂਪੀ ਵਿਚ ਰਾਹੁਲ ਨਾਲ ਮਿਲ ਸਕਦੀ ਹੈ। ਯੂਪੀ ਤੋਂ ਬਾਅਦ ਨਿਆ ਯਾਤਰਾ ਮੱਧ ਪ੍ਰਦੇਸ਼ ਜਾਵੇਗੀ।