ਫਿਰੋਜ਼ਪੁਰ, 7 ਨਵੰਬਰ| ਮਨੀਲਾ ‘ਚ ਫਿਰੋਜ਼ਪੁਰ ਦੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਪਿੰਡ ਉੱਗੋਕੇ ਦੇ ਲਖਵਿੰਦਰ ਸਿੰਘ ਦੇ ਕਤਲ ਬਾਰੇ ਸੁਣ ਕੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੇ ਪਰਿਵਾਰ ਵਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ (27) 4 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਮਨੀਲਾ ਗਿਆ ਸੀ ਤੇ ਉਥੇ ਅਪਣੀ ਪਤਨੀ ਨਾਲ ਰਹਿ ਰਿਹਾ ਸੀ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਲਖਵਿੰਦਰ ਫਾਈਨਾਂਸ ਦਾ ਕੰਮ ਕਰਦਾ ਸੀ, ਜਿਸ ਨੂੰ ਬੀਤੇ ਦਿਨ ਕੰਮ ‘ਤੇ ਜਾਂਦੇ ਸਮੇਂ ਰਸਤੇ ‘ਚ ਕਿਸੇ ਨੇ ਗੋਲ਼ੀ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਕਤਲ ਲੁੱਟ-ਖੋਹ ਦੀ ਨੀਅਤ ਨਾਲ ਨਹੀਂ ਕੀਤਾ ਗਿਆ ਕਿਉਂਕਿ ਲਖਵਿੰਦਰ ਸਿੰਘ ਦੀ ਲਾਸ਼ ਕੋਲ ਪੈਸੇ ਪਏ ਹੋਏ ਸਨ। ਉਨ੍ਹਾਂ ਖਦਸ਼ਾ ਜਤਾਇਆ ਕਿ ਇਹ ਕਤਲ ਰੰਜਿਸ਼ ਦੇ ਚੱਲਦਿਆਂ ਹੋਇਆ ਹੈ।