ਚੰਡੀਗੜ੍ਹ | ਸਾਊਥ ਆਸਟ੍ਰੇਲੀਆ ਦੀ ਸੁਪਰੀਮ ਕੋਰਟ ਨੇ ਪੰਜਾਬੀ ਮੂਲ ਦੇ ਨੌਜਵਾਨ ਤਾਰਿਕਜੋਤ ਸਿੰਘ ਨੂੰ ਆਪਣੀ ਪ੍ਰੇਮਿਕਾ ਜੈਸਮੀਨ ਕੌਰ ਦੇ ਕਤਲ ਦੇ ਦੋਸ਼ ‘ਚ 22 ਸਾਲ 10 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਦੇ ਹੁਕਮਾਂ ਅਨੁਸਾਰ ਤਾਰਿਕਜੋਤ ਸਿੰਘ ਸਾਲ 2044 ਵਿੱਚ ਪਹਿਲੀ ਪੈਰੋਲ ਲਈ ਯੋਗ ਹੋ ਜਾਵੇਗਾ। ਨਾਲ ਹੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਆਸਟ੍ਰੇਲੀਆ ਵੀ ਛੱਡਣਾ ਹੋਵੇਗਾ।

ਮੁਲਜ਼ਮ ਤਾਰਿਕਜੋਤ ਸਿੰਘ ਪੰਜਾਬ ਦੇ ਸਮਰਾਲਾ ਸਬ-ਡਵੀਜ਼ਨ ਦੇ ਪਿੰਡ ਬਲਾਲਾ ਦੇ ਇੱਕ ਕਿਸਾਨ ਪਰਿਵਾਰ ਦਾ ਪੁੱਤ ਹੈ। ਉਸ ਨੇ 5 ਮਾਰਚ 2021 ਨੂੰ ਆਪਣੀ ਪ੍ਰੇਮਿਕਾ ਜੈਸਮੀਨ ਕੌਰ ਨੂੰ ਅਗਵਾ ਕਰ ਲਿਆ ਸੀ। ਫਿਰ ਉਸ ਨੂੰ ਕਾਰ ਦੀ ਡਿੱਗੀ ਵਿਚ ਪਾ ਕੇ ਲਗਭਗ 650 ਕਿਲੋਮੀਟਰ ਦੂਰ ਦੱਖਣੀ ਆਸਟ੍ਰੇਲੀਆ ਦੇ ਫਲਿੰਡਰ ਰੇਂਜ ਵਿਚ ਇਕ ਕਬਰ ਵਿਚ ਜ਼ਿੰਦਾ ਦਫਨਾ ਦਿੱਤਾ ਸੀ।

ਤਾਰਿਕਜੋਤ ਸਿੰਘ ਸਾਲ 2016 ‘ਚ ਐਡੀਲੇਡ, ਆਸਟ੍ਰੇਲੀਆ ਵਿੱਚ ਸੈਟਲ ਹੋਇਆ ਸੀ। ਉੱਥੇ ਉਸ ਦੀ ਮੁਲਾਕਾਤ ਭਾਰਤੀ ਮੂਲ ਦੀ ਜੈਸਮੀਨ ਕੌਰ ਨਾਲ ਹੋਈ। ਕੁਝ ਸਮੇਂ ਬਾਅਦ ਦੋਵਾਂ ਦਾ ਬ੍ਰੇਕਅੱਪ ਹੋ ਗਿਆ। ਪਰ ਤਾਰਿਕਜੋਤ ਬਰਦਾਸ਼ਤ ਨਾ ਕਰ ਸਕਿਆ। ਇਸ ’ਤੇ ਤਾਰਿਕਜੋਤ ਸਿੰਘ ਨੇ ਜੈਸਮੀਨ ਦਾ ਗਲਾ ਵੱਢ ਕੇ ਉਸ ਨੂੰ ਕਬਰ ਵਿੱਚ ਦਫ਼ਨਾ ਦਿੱਤਾ। ਪਰ ਜੈਸਮੀਨ ਦੀ ਤੁਰੰਤ ਮੌਤ ਨਹੀਂ ਹੋਈ ਜਦੋਂ ਉਹ ਜ਼ਖਮੀ ਹੋ ਗਈ ਅਤੇ ਉਸ ਨੇ ਕਬਰ ਵਿੱਚ ਉਸ ਨੂੰ ਜ਼ਿੰਦਾ ਹੀ ਦਫਨਾ ਦਿੱਤਾ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰੀ ਵਕੀਲ ਕਾਰਮੇਨ ਮੇਟੋ ਨੇ ਅਦਾਲਤ ਨੂੰ ਦੱਸਿਆ ਕਿ ਜੈਸਮੀਨ ਕੌਰ ਦੀ ਮੌਤ ਦਰਦਨਾਕ ਸੀ। ਇਸ ਦੇ ਨਾਲ ਹੀ ਮਾਮਲੇ ‘ਚ ਦੋਸ਼ੀ ਤਾਰਿਕਜੋਤ ਸਿੰਘ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ।