ਚੰਡੀਗੜ੍ਹ, 28 ਨਵੰਬਰ | ਕੈਨੇਡਾ ਦੀ ਪੀਲ ਪੁਲਿਸ ਨੇ ਤਿੰਨ ਵੱਖ-ਵੱਖ ਘਟਨਾਵਾਂ ਵਿਚ ਔਰਤਾਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਪੰਜਾਬੀ ਮੂਲ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਰੀਆਂ ਵਾਰਦਾਤਾਂ ਇਸੇ ਮਹੀਨੇ ਹੋਈਆਂ ਅਤੇ ਉਹ ਲਗਾਤਾਰ ਔਰਤਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਸੀ। ਮੁਲਜ਼ਮ ਪਹਿਲਾਂ ਔਰਤਾਂ ਨੂੰ ਰਾਈਡਸ਼ੇਅਰ ਆਪ੍ਰੇਟਰ ਦੱਸ ਕੇ ਵਰਗਲਾਉਂਦਾ ਸੀ ਅਤੇ ਫਿਰ ਉਨ੍ਹਾਂ ਨੂੰ ਅਲੱਗ-ਥਲੱਗ ਥਾਵਾਂ ‘ਤੇ ਲੈ ਜਾਂਦਾ ਸੀ ਅਤੇ ਉਨ੍ਹਾਂ ਨਾਲ ਬਲਾਤਕਾਰ ਕਰਦਾ ਸੀ।
ਫੜੇ ਗਏ ਨੌਜਵਾਨ ਦੀ ਪਛਾਣ ਅਰਸ਼ਦੀਪ ਸਿੰਘ (22) ਵਾਸੀ ਬਰੈਂਪਟਨ ਵਜੋਂ ਹੋਈ ਹੈ। ਇਹ ਨੌਜਵਾਨ ਦਸੰਬਰ 2022 ‘ਚ ਸਟੱਡੀ ਵੀਜ਼ੇ ‘ਤੇ ਪੰਜਾਬ ਤੋਂ ਕੈਨੇਡਾ ਪਹੁੰਚਿਆ ਸੀ। ਮੁਲਜ਼ਮ ਨੇ ਬਰੈਂਪਟਨ ਵਿਚ ਬੱਸ ਹੜਤਾਲ ਦਾ ਫਾਇਦਾ ਉਠਾਇਆ ਅਤੇ ਰਾਈਡਸ਼ੇਅਰ ਆਪ੍ਰੇਟਰ ਦੇ ਰੂਪ ਵਿਚ ਔਰਤਾਂ ਨੂੰ ਲਿਫਟਾਂ ਦਿੱਤੀਆਂ। ਇਸੇ ਮਹੀਨੇ ਤਿੰਨ ਅਜਿਹੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਦੋ ਖੇਤਰਾਂ ਪੀਲ ਅਤੇ ਯੈਕ ਦੀ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾਉਣ ਲਈ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ।
ਤਿੰਨਾਂ ਪੀੜਤ ਔਰਤਾਂ ਨੇ ਦੱਸਿਆ ਕਿ ਉਕਤ ਨੌਜਵਾਨ ਸਮੇਂ-ਸਮੇਂ ‘ਤੇ ਪੰਜਾਬੀ ‘ਚ ਗੱਲ ਕਰਦਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਪੰਜਾਬੀ ਮੂਲ ਦੇ ਨੌਜਵਾਨ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਬੀਤੇ ਕੱਲ ਪੀਲ ਪੁਲਿਸ ਨੂੰ ਸਫ਼ਲਤਾ ਮਿਲੀ ਅਤੇ ਜਨਤਕ ਤੌਰ ‘ਤੇ ਐਲਾਨ ਕੀਤਾ ਕਿ ਜੇਕਰ ਨੌਜਵਾਨ ਵੱਲੋਂ ਕਿਸੇ ਹੋਰ ਔਰਤ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਜਾਣਕਾਰੀ ਸਾਂਝੀ ਕੀਤੀ ਜਾਵੇ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)