ਨਵਾਂ ਸ਼ਹਿਰ, 28 ਨਵੰੰਬਰ | ਪਤਾ ਲੱਗਾ ਹੈ ਕਿ ਪੰਜਾਬ ਦੇ ਮਸ਼ਹੂਰ ਗਾਇਕ ਹਸਨ ਮਾਣਕ ਉਰਫ ਹਸਨ ਖਾਨ ਦੂਜਾ ਵਿਆਹ ਕਰ ਰਹੇ ਹਨ। ਉਸ ਦਾ ਆਪਣੀ ਪਹਿਲੀ ਪਤਨੀ ਨਾਲ ਅਦਾਲਤ ਵਿਚ ਕੇਸ ਚੱਲ ਰਿਹਾ ਹੈ, ਜਿਸ ਦਿਨ ਉਸ ਦਾ ਵਿਆਹ ਹੋਣਾ ਸੀ, ਉਸ ਦਿਨ ਉਹ ਆਪਣੀ ਪਤਨੀ ਦੀ ਕੁੱਟਮਾਰ ਕਰਨ ਤੋਂ ਬਾਅਦ ਨਵਾਂਸ਼ਹਿਰ ਦੇ ਬੰਗਾ ਕਸਬੇ ਆ ਗਿਆ ਅਤੇ ਇੰਗਲੈਂਡ ਦੀ ਇਕ ਲੜਕੀ ਨਾਲ ਗੁਰੂ ਘਰ ਵਿਚ ਵਿਆਹ ਕਰਵਾ ਲਿਆ।

ਜਾਣਕਾਰੀ ਦਿੰਦਿਆਂ ਮਨਦੀਪ ਕੌਰ ਪੁੱਤਰੀ ਮੱਖਣ ਵਾਸੀ ਪਿੰਡ ਬਹਿਮਣ ਕੌਰ ਸਿੰਘ, ਜ਼ਿਲਾ ਬਠਿੰਡਾ ਨੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਥਾਣਾ ਬੰਗਾ ਦੇ ਥਾਣਾ ਸਿਟੀ ਵਿਚ ਸ਼ਿਕਾਇਤ ਦਰਜ ਕਰਵਾਈ ਅਤੇ ਦੱਸਿਆ ਕਿ 23 ਨਵੰਬਰ 2024 ਨੂੰ ਮੇਰੇ ਪਤੀ ਹਸਨ ਮਾਣਕ ਉਰਫ਼ ਹਸਨ ਖਾਨ ਪੁੱਤਰ ਭੋਲਾ ਖਾਨ ਵਾਸੀ ਪਿੰਡ ਸੈਦੋ ਜ਼ਿਲਾ ਮੋਗਾ ਨੇ ਮੇਰੀ ਕੁੱਟਮਾਰ ਕਰ ਕੇ ਘਰ ‘ਚ ਬੰਦ ਕਰ ਦਿੱਤਾ। ਮੈਨੂੰ ਘਰ ਅੰਦਰ ਬੰਦ ਕਰ ਕੇ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ ਕਸਬਾ ਬੰਗਾ ਦੇ ਮੈਰਿਜ ਪੈਲੇਸ ‘ਚ ਵਿਦੇਸ਼ ‘ਚ ਰਹਿੰਦੀ ਇਕ ਲੜਕੀ ਨਾਲ ਮਾਤਾ ਸਾਹਿਬ ਕੌਰ ਗੁਰੂ ਘਰ ਬੰਗਾ ‘ਚ ਵਿਆਹ ਕਰਵਾਉਣ ਆਇਆ ਸੀ ਤੇ ਰੀਤੀ-ਰਿਵਾਜ਼ਾਂ ਅਨੁਸਾਰ ਫੇਰੇ ਵੀ ਹੋਏ।

ਹਸਨ ਮਾਣਕ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰਕ ਝਗੜਾ ਕਾਫੀ ਸਮੇਂ ਤੋਂ ਚੱਲ ਰਿਹਾ ਹੈ, ਜਿਸ ਕਾਰਨ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਰੂ ਘਰ ਦੇ ਗ੍ਰੰਥੀ ਸਾਹਿਬ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦਾ ਵਿਆਹ ਇੱਥੇ ਸਿੱਖ ਰੀਤੀ-ਰਿਵਾਜਾਂ ਅਨੁਸਾਰ ਹੋਇਆ ਹੈ।

ਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 11 ਜੁਲਾਈ 2022 ਨੂੰ ਹਸਨ ਮਾਣਕ ਨਾਲ ਹੋਇਆ ਸੀ ਅਤੇ ਹੁਣ ਉਹ ਮੇਰੀ ਮਰਜ਼ੀ ਦੇ ਖ਼ਿਲਾਫ਼ ਮੇਰੇ ਨਾਲ ਕੁੱਟਮਾਰ ਕਰਨ ਤੋਂ ਬਾਅਦ ਦੁਬਾਰਾ ਵਿਆਹ ਕਰਵਾਉਣ ਲਈ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਬੰਗਾ ਵਿਖੇ ਆ ਗਿਆ ਅਤੇ ਮੈਂ ਪੁਲਿਸ ਨੂੰ ਸੂਚਨਾ ਦਿੱਤੀ।

ਹਸਨ ਮਾਣਕ ਦਾ ਕੀ ਕਹਿਣਾ ਹੈ?

ਹਸਨ ਮਾਣਕ ਪੰਜਾਬ ਦੇ ਮਸ਼ਹੂਰ ਗਾਇਕ ਕੁਲਦੀਪ ਮਾਣਕ ਦਾ ਪੋਤਾ ਦੱਸਿਆ ਜਾਂਦਾ ਹੈ। ਇਸ ਵਿਆਹ ਬਾਰੇ ਹਸਨ ਮਾਣਕ ਦਾ ਕਹਿਣਾ ਹੈ ਕਿ ਮੇਰੇ ਜ਼ਿਲੇ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਕਸਬੇ ਵਿਚ ਕੋਈ ਵਿਆਹ ਨਹੀਂ ਹੋਇਆ, ਮੇਰੇ ’ਤੇ ਗਲਤ ਦੋਸ਼ ਲਾਏ ਜਾ ਰਹੇ ਹਨ।

ਇਸ ਵਿਆਹ ਸਬੰਧੀ ਡੀਐਸਪੀ ਬੰਗਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)