ਹੁਸ਼ਿਆਰਪੁਰ । ਸੂਬੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਸ਼ੇ ਦੇ ਖਾਤਮੇ ਲਈ ਪੰਜਾਬ ਪੁਲਿਸ ਵਲੋਂ ਵਰਤੀ ਜਾ ਰਹੀ ਸਖ਼ਤੀ ਕਿਤੇ ਨਾ ਕਿਤੇ ਪੁਲਿਸ ‘ਤੇ ਵੀ ਭਾਰੂ ਪੈਂਦੀ ਨਜ਼ਰ ਆ ਰਹੀ ਹੈ।

ਅਜਿਹਾ ਹੀ ਮਾਮਲਾ ਗੜ੍ਹਸ਼ੰਕਰ ‘ਚ ਸਾਹਮਣੇ ਆਇਆ ਹੈ, ਜਿਥੇ ਢਾਈ ਸਾਲ ਪਹਿਲਾਂ ਮਰੇ ਨੌਜਵਾਨ ‘ਤੇ ਪੁਲਿਸ ਵਲੋਂ ਸਮੇਤ 13 ਲੋਕਾਂ ‘ਤੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।

ਗੜ੍ਹਸ਼ੰਕਰ ਪੁਲਿਸ ਵਲੋਂ ਲੰਘੀ 20 ਮਈ ਨੂੰ ਮੁਖ਼ਬਰ ਖ਼ਾਸ ਦੀ ਇਤਲਾਹ ‘ਤੇ ਨਸ਼ਾ ਦਾ ਧੰਦਾ ਕਰਨ ਦੇ ਦੋਸ਼ ਹੇਠ ਨਸ਼ੇ ਦੇ ਮਾਮਲੇ ‘ਚ ਬਦਨਾਮ ਨਜ਼ਦੀਕੀ ਪਿੰਡ ਦੋਨੋਵਾਲ ਖੁਰਦ (ਬਸਤੀ ਸੈਂਸੀਆਂ) ਨਾਲ ਸਬੰਧਤ 6 ਔਰਤਾਂ ਸਮੇਤ 13 ਜਣਿਆਂ ਖਿਲਾਫ਼ ਪਰਚਾ ਦਰਜ ਕਰਕੇ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਸ ਮੁਕੱਦਮੇ ਵਿਚ ਗੁਰਦੀਪ ਸਿੰਘ ਉਰਫ ਦੀਪਾ ਪੁੱਤਰ ਸੁਰਜੀਤ ਸਿੰਘ ਵਾਸੀ ਦੇਨੋਵਾਲ ਖੁਰਦ ਦਾ ਨਾਂਅ ਵੀ ਸ਼ਾਮਿਲ ਸੀ।

ਗੁਰਦੀਪ ਸਿੰਘ ਉਰਫ ਦੀਪਾ ਦੇ ਪਿਤਾ ਸੁਰਜੀਤ ਸਿੰਘ ਪੁੱਤਰ ਨੰਦੂ ਰਾਮ ਨੇ ਪੁਲਿਸ ਵਲੋਂ ਦਰਜ ਮੁਕੱਦਮੇ ਦੀ ਪੋਲ ਖੋਲ੍ਹਦੇ ਹੋਏ ਦੱਸਿਆ ਕਿ ਉਸਦੇ ਪੁੱਤਰ ਗੁਰਦੀਪ ਸਿੰਘ ਦੀ ਕਰੀਬ ਢਾਈ ਸਾਲ ਪਹਿਲਾ 6 ਦਸੰਬਰ 2019 ਨੂੰ ਮੌਤ ਹੋ ਚੁੱਕੀ ਹੈ ਤੇ ਉਸਦੀ ਮੌਤ ਦਾ ਸਰਟੀਫਿਕੇਟ ਵੀ ਪਰਿਵਾਰ ਕੋਲ ਮੌਜੂਦ ਹੈ।

ਮ੍ਰਿਤਕ ਦੇ ਪਿਤਾ ਨੇ ਪੁਲਿਸ ਮੁਖੀ ਹੁਸ਼ਿਆਰਪੁਰ ਅਤੇ ਐੱਸ.ਸੀ.ਕਮਿਸ਼ਨ ਚੰਡੀਗੜ੍ਹ ਨੂੰ ਗੜ੍ਹਸ਼ੰਕਰ ਪੁਲਿਸ ਵਲੋਂ ਦਰਜ ਮੁਕੱਦਮੇ ‘ਚ ਆਪਣੇ ਮ੍ਰਿਤਕ ਪੁੱਤਰ ਦਾ ਦੋਸ਼ੀ ਵਜੋਂ ਝੂਠਾ ਨਾਂਅ ਸ਼ਾਮਿਲ ਕਰਨ ਦੀ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਉਸਨੂੰ ਸਮਾਜ ਵਿਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਇਨਸਾਫ਼ ਦੀ ਮੰਗ ਕਰਦਿਆਂ ਇਸਦੀ ਪੜਤਾਲ ਕਿਸੇ ਗਜਟਿਡ ਅਫਸਰ ਤੋਂ ਕਰਨ ਦੀ ਮੰਗ ਕੀਤੀ।

ਉੱਥੇ ਹੀ ਇਸ ਸਬੰਧੀ ਐੱਸਪੀ ਗੜ੍ਹਸ਼ੰਕਰ ਨਰਿੰਦਰ ਸਿੰਘ ਔਜਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੁਪਤ ਸੂਚਨਾ ਦੀ ਇਤਲਾਹ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਸ ਸਬੰਧ ਵਿਚ ਜਾਂਚ ਕੀਤੀ ਜਾ ਰਹੀ ਹੈ।