ਚੰਡੀਗੜ੍ਹ। ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਜਾਇਦਾਦ ਵਿੱਚ ਪਿਛਲੇ ਦਸ ਸਾਲਾਂ ਵਿੱਚ ਦੇਸ਼ ਦੇ ਸੰਸਦ ਮੈਂਬਰਾਂ ਵਿੱਚੋਂ ਸਭ ਤੋਂ ਵੱਧ ਵਾਧਾ ਹੋਇਆ ਹੈ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਦੀ ਜਾਇਦਾਦ ਵਿੱਚ 2009 ਤੋਂ 2019 ਤੱਕ 261% ਦਾ ਵਾਧਾ ਹੋਇਆ ਹੈ। ਇਨ੍ਹਾਂ ਦਸ ਸਾਲਾਂ ਵਿੱਚ ਉਸਦੀ ਚੱਲ ਅਤੇ ਅਚੱਲ ਜਾਇਦਾਦ 60.99 ਕਰੋੜ ਤੋਂ ਵਧ ਕੇ 217.99 ਕਰੋੜ ਹੋ ਗਈ ਹੈ।

ਏਡੀਆਰ (ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮ) ਅਤੇ ਨੈਸ਼ਨਲ ਇਲੈਕਸ਼ਨ ਵਾਚ ਵੱਲੋਂ 71 ਸੰਸਦ ਮੈਂਬਰਾਂ ਦੀ ਸਵੈ-ਐਲਾਨੀ ਜਾਇਦਾਦ ਦੇ ਤੁਲਨਾਤਮਕ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ। ਹਰਸਿਮਰਤ ਕੌਰ ਦੇਸ਼ ਦੇ ਟਾਪ-10 ਸੰਸਦ ਮੈਂਬਰਾਂ ‘ਚ ਜਾਇਦਾਦ ਦੇ ਵਾਧੇ ਦੇ ਮਾਮਲੇ ‘ਚ ਪਹਿਲੇ ਨੰਬਰ ‘ਤੇ ਹੈ।

2009 ਦੀਆਂ ਲੋਕ ਸਭਾ ਚੋਣਾਂ ਵੇਲੇ ਕੌਰ ਦੀ ਕੁੱਲ ਜਾਇਦਾਦ 60 ਕਰੋੜ 31 ਲੱਖ 135 ਰੁਪਏ ਸੀ ਜੋ 2014 ਵਿੱਚ ਵੱਧ ਕੇ 1 ਅਰਬ 8 ਕਰੋੜ 16 ਲੱਖ 64 ਹਜ਼ਾਰ 910 ਰੁਪਏ ਹੋ ਗਈ। ਇਸੇ ਤਰ੍ਹਾਂ ਆਪਣੀ ਜਾਇਦਾਦ ਵਿੱਚ 157.68 ਕਰੋੜ ਰੁਪਏ ਦੇ ਵਾਧੇ ਤੋਂ ਬਾਅਦ 2019 ਵਿੱਚ ਕੁੱਲ ਜਾਇਦਾਦ 2 ਅਰਬ 17 ਕਰੋੜ 99 ਲੱਖ ਰੁਪਏ ਤੱਕ ਪਹੁੰਚ ਗਈ।

ਇਸ ਤੋਂ ਇਲਾਵਾ ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਦੀ ਜਾਇਦਾਦ ਵਿੱਚ ਤਿੰਨ ਕਰੋੜ ਦਾ ਵਾਧਾ ਹੋਇਆ ਹੈ। ਉਹ 5 ਕਰੋੜ 42 ਲੱਖ 81 ਹਜ਼ਾਰ ਰੁਪਏ ਦੀ ਕੁੱਲ ਜਾਇਦਾਦ ਦਾ ਮਾਲਕ ਹੈ। ਬਿੱਟੂ ਨੇ 2009 ਵਿੱਚ ਸ੍ਰੀ ਆਨੰਦਪੁਰ ਸਾਹਿਬ ਸੀਟ ਤੋਂ ਲੋਕ ਸਭਾ ਚੋਣ ਜਿੱਤੀ ਸੀ।

ਇਸ ਤੋਂ ਬਾਅਦ ਉਹ ਲੁਧਿਆਣਾ ਤੋਂ ਦੋ ਵਾਰ ਚੋਣ ਜਿੱਤੇ। 2009 ‘ਚ ਉਨ੍ਹਾਂ ਦੀ ਜਾਇਦਾਦ 2 ਕਰੋੜ 18 ਲੱਖ 21 ਹਜ਼ਾਰ 443 ਰੁਪਏ ਸੀ, ਜੋ 2014 ‘ਚ ਵਧ ਕੇ 3 ਕਰੋੜ 15 ਲੱਖ, 9 ਹਜ਼ਾਰ ਰੁਪਏ ਅਤੇ 2019 ‘ਚ ਉਨ੍ਹਾਂ ਦੀ ਕੁੱਲ ਜਾਇਦਾਦ 3 ਕਰੋੜ 59 ਲੱਖ ਰੁਪਏ ‘ਤੇ ਪਹੁੰਚ ਗਈ।

ਇਸ ਤੋਂ ਇਲਾਵਾ ਹਰਿਆਣਾ ਦੇ ਗੁੜਗਾਓਂ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਓ ਇੰਦਰਜੀਤ ਸਿੰਘ ਦੀ ਜਾਇਦਾਦ ਵਿੱਚ 35 ਕਰੋੜ ਰੁਪਏ ਦਾ ਵਾਧਾ ਹੋਇਆ ਹੈ। 2009 ਦੀਆਂ ਲੋਕ ਸਭਾ ਚੋਣਾਂ ਸਮੇਂ ਰਾਓ ਇੰਦਰਜੀਤ ਸਿੰਘ ਦੀ ਕੁੱਲ ਜਾਇਦਾਦ 6 ਕਰੋੜ 73 ਲੱਖ 83 ਹਜ਼ਾਰ 257 ਰੁਪਏ ਸੀ। 2014 ‘ਚ ਉਨ੍ਹਾਂ ਦੀ ਜਾਇਦਾਦ ਵਧ ਕੇ 25 ਕਰੋੜ 6 ਲੱਖ, 98 ਹਜ਼ਾਰ ਹੋ ਗਈ, ਜੋ 2019 ਦੀਆਂ ਲੋਕ ਸਭਾ ਚੋਣਾਂ ‘ਚ ਵਧ ਕੇ 42 ਕਰੋੜ 9 ਲੱਖ 70 ਹਜ਼ਾਰ ਹੋ ਗਈ।