ਚੰਡੀਗੜ੍ਹ | ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ’ਚ ਇੱਕ ਲੱਖ ਤੋਂ ਵੱਧ ਖਾਲੀ ਪਈਆਂ ਪੱਕੀਆਂ ਅਸਾਮੀਆਂ ਭਰਨ ਦੀ ਯੋਜਨਾ ਤਿਆਰ ਕੀਤੀ ਹੈ। ਸੂਬਾ ਸਰਕਾਰ ਦੇ ਰੁਜ਼ਗਾਰ ਜੈਨਰੇਸ਼ਨ, ਸਕਿੱਲ ਡਿਵਲੈੱਪਮੈਂਟ ਤੇ ਸਿਖਲਾਈ ਵਿਭਾਗ ਨੇ ਖਰੜਾ ਤਿਆਰ ਕਰਕੇ ਰਾਜ ਸਰਕਾਰ ਦੇ ਪ੍ਰਬੰਧਕੀ ਸਕੱਤਰਾਂ ਨੂੰ ਭੇਜ ਦਿੱਤਾ ਹੈ। ਰੁਜ਼ਗਾਰ ਵਿਭਾਗ ਵੱਲੋਂ ਜਾਰੀ ਪੱਤਰ ਮੁਤਾਬਕ ਸੇਵਾ ਮੁਕਤੀ ਦੀ ਉਮਰ 58 ਸਾਲ ਕਾਰਨ ਵੱਖ-ਵੱਖ ਵਿਭਾਗਾਂ’ਚ ਇੱਕ ਲੱਖ ਅਸਾਮੀਆਂ ਖਾਲੀ ਹਨ। ਇਨ੍ਹਾਂ ਅਸਾਮੀਆਂ ’ਚੋਂ 50 ਹਜ਼ਾਰ ਵਿੱਤੀ ਸਾਲ 2020-21 ਤੇ ਬਾਕੀ 2021-22 ’ਚ ਭਰਨ ਦੀ ਯੋਜਨਾ ਹੈ।
ਇਹ ਅਸਾਮੀਆਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਤੇ ਐੱਸਐੱਸ ਬੋਰਡ ਅਤੇ ਕੁਝ ਸਿੱਧੀਆਂ ਭਰੀਆਂ ਜਾਣੀਆਂ ਹਨ। ਚੁਣੇ ਗਏ ਉਮੀਦਵਾਰਾਂ ਨੂੰ ਅਗਲ੍ਹੇ ਵਰ੍ਹੇ 2021 ਦੇ ਅਪਰੈਲ, ਮਈ, ਜੂਨ ਮਹੀਨੇ ਵਿੱਚ ਨਿਯੁਕਤੀ ਪੱਤਰ ਦਿੱਤੇ ਜਾਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਪਰ ਸਰਕਾਰ ਉੱਤੇ ਆਰਥਿਕ ਬੋਝ ਕਾਰਨ ਉਨ੍ਹਾਂ ਨੂੰ 15 ਅਗਸਤ ਨੂੰ ਆਜ਼ਾਦੀ ਦਿਹਾੜੇ ਉੱਤੇ ਸੂਬਾਈ ਸਮਾਗਮ ’ਚ ਉਨ੍ਹਾਂ ਨੂੰ ਵਿਭਾਗੀ ਨੌਕਰੀ ਜੁਆਇਨ ਕਰਵਾਏ ਜਾਣ ਤੇ ਸਤੰਬਰ ਮਹੀਨੇ ਤੋਂ ਤਨਖਾਹ ਲਾਗੂ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ।
ਪੱਤਰ ਮੁਤਾਬਕ ਪਹਿਲੀ ਟਰਮ ਵਿੱਚ ਸਰਕਾਰ ਦੇ 38 ਵਿਭਾਗਾਂ ’ਚ ਭਰੀਆਂ ਜਾਣ ਵਾਲੀਆਂ 48 ਹਜ਼ਾਰ 989 ਅਸਾਮੀਆਂ ’ਚੋਂ ਸਭ ਤੋਂ ਵੱਧ ਗ੍ਰਹਿ ਤੇ ਨਿਆਂ ਵਿਭਾਗ ’ਚ 9748, ਦੂਜੇ ਨੰਬਰ ’ਤੇ ਸਿੱਖਿਆ ਵਿਭਾਗ ’ਚ 2888, ਬਿਜਲੀ ਵਿਭਾਗ ’ਚ 3666, ਜੇਲ੍ਹ ਵਿਭਾਗ 960, ਖੇਤੀਬਾੜੀ ਵਿਭਾਗ ’ਚ 2807, ਪਸ਼ੂ-ਮੱਛੀ ਤੇ ਡੇਅਰੀ ਵਿਭਾਗ ’ਚ 1324, ਸਹਿਕਾਰੀ ਵਿਭਾਗ ’ਚ 3920, ਸਥਾਨਕ ਸਰਕਾਰਾਂ ਵਿਭਾਗ ’ਚ 3699, ਸਿਹਤ ਤੇ ਪਰਿਵਾਰ ਭਲਾਈ ਵਿਭਾਗ ’ਚ 1880, ਉਚੇਰੀ ਸਿੱਖਿਆ ਵਿਭਾਗ 1536, ਮਾਲ ਵਿਭਾਗ 1194, ਪੇਂਡੂ ਵਿਕਾਸ 1255 ’ਚ ਪੱਕੀਆਂ ਅਸਾਮੀਆਂ ਭਰੀਆਂ ਜਾਣੀਆਂ ਹਨ।