ਚੰਡੀਗੜ੍ਹ, 23 ਨਵੰਬਰ | ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਗਿਣਤੀ ਜਾਰੀ ਹੈ। ਪੋਸਟਲ ਬੈਲਟ ਪਹਿਲਾਂ ਗਿਣੇ ਗਏ ਸਨ। ਹੁਣ ਈਵੀਐਮ ਰਾਹੀਂ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਹੁਸ਼ਿਆਰਪੁਰ ਦੀ ਚੱਬੇਵਾਲ ਸੀਟ ‘ਤੇ ‘ਆਪ’ ਉਮੀਦਵਾਰ ਇਸ਼ਾਂਕ ਕੁਮਾਰ ਦੀ ਲੀਡ ਲਗਾਤਾਰ ਵਧਦੀ ਜਾ ਰਹੀ ਹੈ। ਇਹ ਦੇਖ ਕੇ ਕਾਂਗਰਸੀ ਉਮੀਦਵਾਰ ਰਣਜੀਤ ਕੁਮਾਰ ਗਿਣਤੀ ਕੇਂਦਰ ਛੱਡ ਕੇ ਚਲੇ ਗਏ। ਇਸ਼ਾਂਕ ਦੀ ਲੀਡ ਵਧਣ ‘ਤੇ ਵਰਕਰਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਲੱਡੂ ਵੰਡੇ ਜਾ ਰਹੇ ਹਨ। ਔਰਤਾਂ ਨੱਚ ਰਹੀਆਂ ਹਨ।

ਬਰਨਾਲਾ ਸੀਟ ਤੋਂ ‘ਆਪ’ ਦੇ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਗੁਰਦੀਪ ਸਿੰਘ ਬਾਠ ਨੇ ਖੇਡ ਵਿਗਾੜ ਦਿੱਤੀ ਹੈ। ਇੱਥੇ ‘ਆਪ’ ਤੀਜੇ ਨੰਬਰ ‘ਤੇ ਹੈ, ਜਦਕਿ ਗੁਰਦੀਪ ਚੌਥੇ ਨੰਬਰ ‘ਤੇ ਹੈ।

ਗੁਰਦਾਸਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਸਖ਼ਤ ਟੱਕਰ ਵਿਚ ਹੈ। ਲੁਧਿਆਣਾ ਦੇ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਪਛੜ ਰਹੀ ਹੈ। ਜਦਕਿ ਭਾਜਪਾ ਚਾਰੋਂ ਸੀਟਾਂ ‘ਤੇ ਪਛੜ ਰਹੀ ਹੈ। ਗਿੱਦੜਬਾਹਾ ‘ਚ ਭਾਜਪਾ ਉਮੀਦਵਾਰ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਤੀਜੇ ਨੰਬਰ ‘ਤੇ ਚੱਲ ਰਹੇ ਹਨ।

ਕੁੱਲ 45 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਗਿਣਤੀ ਕੇਂਦਰਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸਾਰੀਆਂ ਚਾਰ ਸੀਟਾਂ ‘ਤੇ 20 ਨਵੰਬਰ ਨੂੰ ਵੋਟਿੰਗ ਹੋਈ ਸੀ। ਕੁੱਲ 63.91 ਫੀਸਦੀ ਵੋਟਿੰਗ ਹੋਈ।

ਅੱਪਡੇਟ…

ਗਿੱਦੜਬਾਹਾ ਵਿਚ 5 ਰਾਊਂਡ ਹੋ ਚੁੱਕੇ ਹਨ। ਇੱਥੇ ‘ਆਪ’ ਉਮੀਦਵਾਰ ਡਿੰਪੀ ਢਿੱਲੋਂ ਨੂੰ 7974 ਵੋਟਾਂ ਦੀ ਲੀਡ ਹੈ।

ਡੇਰਾ ਬਾਬਾ ਨਾਨਕ ਵਿਚ 13 ਰਾਊਂਡ ਹੋ ਗਏ ਹਨ। ‘ਆਪ’ ਨੂੰ 2877 ਵੋਟਾਂ ਦੀ ਲੀਡ ਹੈ।

ਚੱਬੇਵਾਲ ਵਿਚ 12 ਗੇੜ ਪੂਰੇ ਹੋ ਚੁੱਕੇ ਹਨ। ‘ਆਪ’ ਉਮੀਦਵਾਰ ਇਸ਼ਾਂਕ ਅੱਗੇ ਹਨ। ਉਨ੍ਹਾਂ ਨੂੰ 23,962 ਵੋਟਾਂ ਦੀ ਲੀਡ ਹੈ।

ਬਰਨਾਲਾ ਵਿਚ 10 ਗੇੜ ਪੂਰੇ ਹੋ ਚੁੱਕੇ ਹਨ। ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 3304 ਵੋਟਾਂ ਨਾਲ ਅੱਗੇ ਹਨ।