ਲੁਧਿਆਣਾ, 6 ਦਸੰਬਰ | ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੰਗਲਵਾਰ ਸਵੇਰੇ ਵੀ ਸੰਘਣੀ ਧੁੰਦ ਛਾਈ ਰਹੀ। ਪੰਜਾਬ ’ਚ ਪਿਛਲੇ 2 ਦਿਨਾਂ ਤੋਂ ਸੰਘਣੀ ਧੁੰਦ ਪੈ ਰਹੀ ਹੈ। ਉਥੇ ਹੀ ਧੁੰਦ ਵਧਣ ਨਾਲ ਠੰਡ ਵੀ ਵਧ ਗਈ ਹੈ।

ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਘੱਟੋ-ਘੱਟ ਤਾਪਮਾਨ ਅੱਠ ਤੋਂ 9 ਡਿਗਰੀ ਸੈਲਸੀਅਸ ਵਿਚਕਾਰ ਦਰਜ ਕੀਤਾ ਗਿਆ। ਫ਼ਰੀਦਕੋਟ, ਗੁਰਦਾਸਪੁਰ, ਬਰਨਾਲਾ ’ਚ ਘੱਟੋ-ਘੱਟ ਤਾਪਮਾਨ 8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਮੋਗਾ ’ਚ 8.6, ਲੁਧਿਆਣਾ ’ਚ 89, ਬਠਿੰਡਾ ’ਚ 9.2, ਪਟਿਆਲਾ ’ਚ 9.4, ਫ਼ਤਿਹਗੜ੍ਹ ਸਾਹਿਬ ਤੇ ਫਿਰੋਜ਼ਪੁਰ ’ਚ 9.6, ਪਠਾਨਕੋਟ ’ਚ 10.3, ਚੰਡੀਗੜ੍ਹ ’ਚ 11.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਅੰਮ੍ਰਿਤਸਰ ’ਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 4.3 ਡਿਗਰੀ ਸੈਲਸੀਅਸ ਘੱਟ ਰਿਹਾ, ਜਦਕਿ ਬਾਕੀ ਸ਼ਹਿਰਾਂ ’ਚ ਘੱਟੋ-ਘੱਟ ਤਾਪਮਾਨ 0.3 ਤੋਂ 0.6 ਡਿਗਰੀ ਸੈਲਸੀਅਸ ਘੱਟ ਰਿਹਾ। ਇਸੇ ਤਰ੍ਹਾਂ ਗੁਰਦਾਸਪੁਰ, ਲੁਧਿਆਣਾ ਤੇ ਐਸਬੀਐਸ ਨਗਰ ‘ਚ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ, ਜਲੰਧਰ ‘ਚ 22.4 ਡਿਗਰੀ, ਅੰਮ੍ਰਿਤਸਰ ‘ਚ 23.4 ਡਿਗਰੀ, ਚੰਡੀਗੜ੍ਹ ‘ਚ 23.8 ਡਿਗਰੀ ਸੈਲਸੀਅਸ, ਪਟਿਆਲਾ ‘ਚ 24.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਦੂਜੇ ਪਾਸੇ ਜੇਕਰ ਮੌਸਮ ਵਿਭਾਗ ਦੀ ਭਵਿੱਖਬਾਣੀ ਦੀ ਮੰਨੀਏ ਤਾਂ ਪੰਜਾਬ ਵਿਚ 10 ਦਸੰਬਰ ਤਕ ਮੌਸਮ ਖੁਸ਼ਕ ਰਹੇਗਾ ਪਰ 11 ਦਸੰਬਰ ਨੂੰ ਰਾਜਸਥਾਨ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਪੰਜਾਬ ਦੇ ਮੌਸਮ ‘ਚ ਬਦਲਾਅ ਆਵੇਗਾ। ਕਈ ਜ਼ਿਲ੍ਹਿਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ।