ਪੁਡੂਚੇਰੀ/ਚੇਨਈ, 1 ਦਸੰਬਰ | ਸ਼ਨੀਵਾਰ  ਨੂੰ ਪੁਡੂਚੇਰੀ ’ਚ ਆਇਆ ਚੱਕਰਵਾਤ ‘ਫੇਂਗਲ’ ਐਤਵਾਰ ਨੂੰ ਕਮਜ਼ੋਰ ਹੋ ਗਿਆ। ਹਾਲਾਂਕਿ ਇਸ ਦੇ ਅਸਰ ਕਾਰਨ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਭਾਰੀ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਤ  ਹੋਇਆ ਅਤੇ ਹੜ੍ਹ ਨਾਲ ਭਰੀਆਂ ਸੜਕਾਂ ’ਤੇ  ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਫੌਜ ਨੂੰ ਅੱਗੇ ਆਉਣਾ ਪਿਆ।

ਬਜ਼ੁਰਗਾਂ ਨੇ ਕਿਹਾ ਕਿ ਪੁਡੂਚੇਰੀ ਨੇ ਪਿਛਲੇ ਤਿੰਨ ਦਹਾਕਿਆਂ ’ਚ ਕੁਦਰਤ ਦਾ ਅਜਿਹਾ ਪ੍ਰਕੋਪ ਨਹੀਂ ਵੇਖਿਆ  ਸੀ। ਗੁਆਂਢੀ ਤਾਮਿਲਨਾਡੂ ਦੇ ਵਿਲੂਪੁਰਮ ਨੂੰ ਵੀ ਮੀਂਹ ਅਤੇ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋਇਆ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਜ਼ਿਲ੍ਹੇ ’ਚ ਮੀਂਹ ਨੂੰ ‘ਬੇਮਿਸਾਲ’ ਦਸਿਆ। ਅਧਿਕਾਰੀਆਂ ਨੇ ਦਸਿਆ  ਕਿ ਚੇਨਈ ਹਵਾਈ ਅੱਡੇ ’ਤੇ  ਅੱਧੀ ਰਾਤ ਤੋਂ ਬਾਅਦ ਉਡਾਣਾਂ ਮੁੜ ਸ਼ੁਰੂ ਹੋ ਗਈਆਂ ਪਰ ਕਈ ਉਡਾਣਾਂ ਰੱਦ ਕਰ ਦਿਤੀਆਂ ਗਈਆਂ ਅਤੇ ਕਈ ਉਡਾਣਾਂ ਦੇਰੀ ਨਾਲ ਚੱਲੀਆਂ। ਹਾਲਾਂਕਿ, ਬਾਅਦ ’ਚ ਕੰਮਕਾਜ ਆਮ ਵਾਂਗ ਹੋ ਗਿਆ। ਚੱਕਰਵਾਤ ਦੇ ਮੱਦੇਨਜ਼ਰ ਸਨਿਚਰਵਾਰ  ਨੂੰ ਚੇਨਈ ਹਵਾਈ ਅੱਡੇ ’ਤੇ  ਸੰਚਾਲਨ ਮੁਅੱਤਲ ਕਰ ਦਿਤਾ ਗਿਆ ਸੀ।

ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਵਲੋਂ  ਦਿਤੀ  ਗਈ ਤਾਜ਼ਾ ਜਾਣਕਾਰੀ ਅਨੁਸਾਰ ਚੱਕਰਵਾਤ ‘ਫੇਂਗਲ‘ ਕਮਜ਼ੋਰ ਹੋ ਕੇ ਡੂੰਘੇ ਡਿਪਰੈਸ਼ਨ ਵਾਲੇ ਖੇਤਰ ’ਚ ਬਦਲ ਗਿਆ ਹੈ।

ਮੌਸਮ ਵਿਭਾਗ ਨੇ ਕਿਹਾ, ‘‘ਚੱਕਰਵਾਤੀ ਤੂਫਾਨ ‘ਫੇਂਗਲ’ ਜੋ ਉੱਤਰੀ ਤੱਟੀ ਤਾਮਿਲਨਾਡੂ ਅਤੇ ਪੁਡੂਚੇਰੀ ਤਕ  ਪਹੁੰਚਿਆ ਸੀ, ਪਿਛਲੇ 12 ਘੰਟਿਆਂ ਦੌਰਾਨ ਅਮਲੀ ਤੌਰ ’ਤੇ  ਸਥਿਰ ਰਿਹਾ ਅਤੇ ਹੁਣ ਕਮਜ਼ੋਰ ਹੋ ਕੇ ਡੂੰਘੇ ਦਬਾਅ ’ਚ ਬਦਲ ਗਿਆ ਹੈ ਅਤੇ 1 ਦਸੰਬਰ, 2024 ਨੂੰ ਸਵੇਰੇ 11:30 ਵਜੇ ਪੁਡੂਚੇਰੀ ਦੇ ਨੇੜੇ ਪਹੁੰਚ ਗਿਆ ਹੈ।  ਕੇਂਦਰਿਤ ਖੇਤਰ ਵਿਲੂਪੁਰਮ ਤੋਂ 40 ਕਿਲੋਮੀਟਰ ਪੂਰਬ ਅਤੇ ਚੇਨਈ ਤੋਂ 120 ਕਿਲੋਮੀਟਰ ਦੱਖਣ-ਦੱਖਣ-ਪੱਛਮ ’ਚ 12.0 ਡਿਗਰੀ ਉੱਤਰ ਅਤੇ 79.8 ਡਿਗਰੀ ਪੂਰਬੀ ਲੰਬਕਾਰ ਦੇ ਨੇੜੇ ਸੀ।’’

ਪੋਸਟ ਦੇ ਅਨੁਸਾਰ, ਚੱਕਰਵਾਤ ਦੇ ਅਗਲੇ 12 ਘੰਟਿਆਂ ਦੌਰਾਨ ਪੱਛਮ ਵਲ  ਵਧਣ ਅਤੇ ਹੌਲੀ ਹੌਲੀ ਉੱਤਰੀ ਤਾਮਿਲਨਾਡੂ ’ਚ ਕਮਜ਼ੋਰ ਹੋਣ ਦੀ ਸੰਭਾਵਨਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ’ਚ 46 ਸੈਂਟੀਮੀਟਰ ਮੀਂਹ ਪੈਣ ਹੋਣ ਕਾਰਨ ਆਮ ਜਨਜੀਵਨ ਪ੍ਰਭਾਵਤ  ਹੋਇਆ। ਇਸ ਮੀਂਹ ਨੇ 31 ਅਕਤੂਬਰ 2004 ਨੂੰ 21 ਸੈਂਟੀਮੀਟਰ ਦਾ ਰੀਕਾਰਡ  ਤੋੜ ਦਿਤਾ।

ਭਾਰੀ ਮੀਂਹ ਕਾਰਨ ਬਾਹਰੀ ਇਲਾਕਿਆਂ ਦੇ ਸਾਰੇ ਰਿਹਾਇਸ਼ੀ ਇਲਾਕੇ ਪਾਣੀ ’ਚ ਡੁੱਬ ਗਏ। ਚੱਕਰਵਾਤੀ ਤੂਫਾਨ ਦੇ ਪ੍ਰਭਾਵ ਕਾਰਨ ਵੱਖ-ਵੱਖ ਥਾਵਾਂ ’ਤੇ  ਦਰੱਖਤ ਉਖੜ ਗਏ। ਸਨਿਚਰਵਾਰ  ਰਾਤ 11 ਵਜੇ ਤੋਂ ਜ਼ਿਆਦਾਤਰ ਇਲਾਕਿਆਂ ’ਚ ਬਿਜਲੀ ਸਪਲਾਈ ’ਚ ਵਿਘਨ ਪਿਆ ਹੈ। ਭਾਰਤੀ ਫੌਜ ਨੇ ਹੜ੍ਹ ਪ੍ਰਭਾਵਤ  ਇਲਾਕਿਆਂ ’ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਅਪਣੇ  ਫ਼ੌਜੀਆਂ  ਅਤੇ ਕਿਸ਼ਤੀਆਂ ਨੂੰ ਤਾਇਨਾਤ ਕੀਤਾ ਹੈ। ਰੱਖਿਆ ਵਿਭਾਗ ਨੇ ਦਸਿਆ  ਕਿ ਪੁਡੂਚੇਰੀ ਦੇ ਕ੍ਰਿਸ਼ਨਾ ਨਗਰ ਸਮੇਤ ਤਿੰਨ ਥਾਵਾਂ ਤੋਂ ਕਰੀਬ 200 ਲੋਕਾਂ ਨੂੰ ਬਚਾਇਆ ਗਿਆ ਹੈ।

ਕਈ ਰਿਹਾਇਸ਼ੀ ਕਲੋਨੀਆਂ ’ਚ ਹੜ੍ਹ ਆ ਗਿਆ ਅਤੇ ਵਸਨੀਕ ਘੰਟਿਆਂ ਤਕ  ਅਪਣੇ  ਘਰਾਂ ਤੋਂ ਬਾਹਰ ਨਹੀਂ ਨਿਕਲ ਸਕੇ। ਵਸਨੀਕਾਂ ਨੇ ਦਸਿਆ  ਕਿ ਸੜਕਾਂ ’ਤੇ  ਖੜ੍ਹੇ ਦੋ ਪਹੀਆ ਵਾਹਨ ਅਤੇ ਕਾਰਾਂ ਮੀਂਹ ਦੇ ਪਾਣੀ ’ਚ ਅੰਸ਼ਕ ਤੌਰ ’ਤੇ  ਡੁੱਬ ਗਈਆਂ ਹਨ। ਸਾਰੀਆਂ ਦੁਕਾਨਾਂ ਅਤੇ ਕਾਰੋਬਾਰੀ ਅਦਾਰੇ ਬੰਦ ਰਹੇ। ਸਰਕਾਰ ਨੇ ਹੇਠਲੇ ਇਲਾਕਿਆਂ ਤੋਂ ਕੱਢੇ ਗਏ ਲੋਕਾਂ ਲਈ ਰਾਹਤ ਕੇਂਦਰ ਸਥਾਪਤ ਕੀਤੇ ਹਨ।

AddThis Website Tools