ਪ੍ਰਯਾਗਰਾਜ। ਪ੍ਰਯਾਗਰਾਜ ਡਿਵੈਲਪਮੈਂਟ ਅਥਾਰਟੀ (ਪੀ.ਡੀ.ਏ.) ਨੇ ਜ਼ਿਲ੍ਹੇ ਦੇ ਧੂਮਨਗੰਜ ਥਾਣਾ ਖੇਤਰ ਦੇ ਅਧੀਨ ਝਲਵਾ ਵਿਖੇ ਸਥਿਤ ਉਸ ਹਸਪਤਾਲ ਦੀ ਇਮਾਰਤ ਨੂੰ ਢਾਹੁਣ ਦੀ ਤਿਆਰੀ ਕਰ ਲਈ ਹੈ, ਜਿਸ ਨੇ ਕਥਿਤ ਤੌਰ ‘ਤੇ ਡੇਂਗੂ ਪੀੜਤ ਮਰੀਜ਼ ਨੂੰ ਪਲੇਟਲੈਟਸ ਦੀ ਥਾਂ ਮੌਸਮੀ ਜੂਸ ਚੜ੍ਹਾ ਦਿੱਤਾ ਸੀ। ਪੀ.ਡੀ.ਏ. ਵੱਲੋਂ ਗਲੋਬਲ ਹਸਪਤਾਲ ਦੀ ਮਾਲਕ ਮਾਲਤੀ ਦੇਵੀ ਨੂੰ 19 ਅਕਤੂਬਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਉਸ ਇਮਾਰਤ ਨੂੰ ਅਣਅਧਿਕਾਰਤ ਉਸਾਰੀ ਦੱਸਿਆ ਗਿਆ, ਜਿਸ ਇਮਾਰਤ ਵਿੱਚ ਇਹ ਹਸਪਤਾਲ ਚੱਲ ਰਿਹਾ ਹੈ।

ਨੋਟਿਸ ‘ਚ ਕਿਹਾ ਗਿਆ ਹੈ ਕਿ ਇਮਾਰਤ ਦਾ ਨਿਰਮਾਣ ਪ੍ਰਯਾਗਰਾਜ ਵਿਕਾਸ ਅਥਾਰਟੀ ਤੋਂ ਲੋੜੀਂਦੀ ਮਨਜ਼ੂਰੀ ਲਏ ਬਿਨਾਂ ਕੀਤਾ ਗਿਆ ਹੈ, ਜਿਸ ਲਈ ਪਹਿਲਾਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਅਤੇ ਆਪਣਾ ਪੱਖ ਪੇਸ਼ ਕਰਨ ਲਈ ਸੁਣਵਾਈ ਦਾ ਮੌਕਾ ਦਿੱਤਾ ਗਿਆ ਸੀ। ਨੋਟਿਸ ‘ਚ ਕਿਹਾ ਗਿਆ ਹੈ ਕਿ ਸੁਣਵਾਈ ਦੀ ਤਰੀਕ ‘ਤੇ ਹਾਜ਼ਰ ਨਾ ਹੋਣ ਅਤੇ ਮਾਲਕੀ ਦੇ ਰਿਕਾਰਡ ਤੇ ਨਕਸ਼ੇ ਪੇਸ਼ ਨਾ ਕਰਨ ਕਰਕੇ ਇਮਾਰਤ ਢਾਹੁਣ ਦਾ ਹੁਕਮ ਦਿੱਤਾ ਗਿਆ ਹੈ।

ਹਸਪਤਾਲ ਨੂੰ 28 ਅਕਤੂਬਰ ਸਵੇਰੇ 11 ਵਜੇ ਤੱਕ ਇਮਾਰਤ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਹਸਪਤਾਲ ‘ਚ ਕਥਿਤ ਤੌਰ ‘ਤੇ ਪਲੇਟਲੈਟਸ ਦੀ ਥਾਂ ਮੌਸਮੀ ਜੂਸ ਚੜ੍ਹਾਏ ਜਾਣ ਤੋਂ ਬਾਅਦ ਮਰੀਜ਼ ਪ੍ਰਦੀਪ ਪਾਂਡੇ ਦੀ ਹਾਲਤ ਵਿਗੜ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਸ਼ਹਿਰ ਦੇ ਇੱਕ ਹੋਰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ ਸੀ।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਉਪ-ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਦੇ ਟਵੀਟ ਤੇ ਹੁਕਮਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਹਰਕਤ ‘ਚ ਆਇਆ ਅਤੇ 20 ਸਤੰਬਰ ਨੂੰ ਹਸਪਤਾਲ ਸੀਲ ਕਰ ਦਿੱਤਾ ਗਿਆ, ਜਿੱਥੇ ਮਰੀਜ਼ ਨੂੰ ਕਥਿਤ ਤੌਰ ‘ਤੇ ਪਲੇਟਲੈਟਸ ਦੀ ਬਜਾਏ ਮੌਸਮੀ ਜੂਸ ਚੜ੍ਹਾਇਆ ਗਿਆ। ਹਸਪਤਾਲ ਨੂੰ ਸੀਲ ਕੀਤੇ ਜਾਣ ਤੋਂ ਅਗਲੇ ਦਿਨ, 21 ਸਤੰਬਰ ਨੂੰ ਪ੍ਰਯਾਗਰਾਜ ਪੁਲਿਸ ਨੇ ਨਕਲੀ ਪਲੇਟਲੈਟਸ ਵੇਚਣ ਵਾਲੇ ਇੱਕ ਗਿਰੋਹ ਦਾ ਪਰਦਾਫ਼ਾਸ਼ ਕੀਤਾ ਅਤੇ ਇਸ ਦੇ 10 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ।

ਹਾਲਾਂਕਿ, ਇਹ ਹਾਲੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਸਪਤਾਲ ਵਿੱਚ ਮਰੀਜ਼ ਨੂੰ ਮੌਸਮੀ ਜੂਸ ਚੜ੍ਹਾਇਆ ਗਿਆ ਸੀ ਜਾਂ ਨਕਲੀ ਪਲੇਟਲੈਟਸ, ਕਿਉਂ ਕਿ ਨਮੂਨੇ ਦੀ ਜਾਂਚ ਦੀ ਸੀਲਬੰਦ ਰਿਪੋਰਟ ਮੋਤੀ ਲਾਲ ਨਹਿਰੂ ਮੈਡੀਕਲ ਕਾਲਜ ਵੱਲੋਂ ਜ਼ਿਲ੍ਹਾ ਮੈਜਿਸਟਰੇਟ ਅਤੇ ਚੀਫ਼ ਮੈਡੀਕਲ ਅਫ਼ਸਰ ਨੂੰ ਭੇਜੀ ਗਈ ਹੈ।