ਪਟਿਆਲਾ | ਪੰਜਾਬ ਰਾਜ ਬਿਜਲੀ ਨਿਗਮ ਦੇ ਨਵੇਂ ਸੀਐਮਡੀ ਇੰਜਨੀਅਰ ਬਲਦੇਵ ਸਿੰਘ ਸਰਾਂ ਵੱਲੋਂ ਅਹੁਦਾ ਸਾਂਭਣ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਪੋਸਟ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਪੋਸਟ ਰਾਹੀਂ ਸੀਐਮਡੀ ਸਰਾਂ ਨੇ ਮਲਾਈਦਾਰ ਪੋਸਟਾਂ ਲਈ ਸਿਫ਼ਾਰਸ਼ਾਂ ਲਵਾਉਣ ਵਾਲਿਆਂ ਨੂੰ ਸਾਵਧਾਨ ਰਹਿਣ ਅਤੇ ਸਾਰੇ ਮੁਲਾਜ਼ਮਾਂ ਨੂੰ ਭ੍ਰਿਸ਼ਟਾਚਾਰ ਤੋਂ ਦੂਰ ਰਹਿ ਕੇ ਅਦਾਰੇ ਦੀ ਬਿਹਤਰੀ ਲਈ ਕੰਮ ਕਰਨ ਦਾ ਦੀ ਸਲਾਹ ਦਿੱਤੀ ਹੈ।

ਸੀਐਮਡੀ ਵੱਲੋਂ ਸਾਂਝੀ ਪੋਸਟ ਵਿੱਚ ਕਿਹਾ ਗਿਆ ਹੈ ਕਿ ਅਜੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਸੀਐਮਡੀ ਦਾ ਅਹੁਦਾ ਵੀ ਨਹੀਂ ਸਾਂਭਿਆ ਪਰ ਉਸਤੋਂ ਪਹਿਲਾਂ ਹੀ ਅੱਜ ਬਹੁਤ ਸਾਰੇ ਅਫ਼ਸਰਾਂ ਨੇ ਮਲਾਈਦਾਰ ਪੋਸਟਾਂ ਉੱਤੇ ਆਪਣੀ ਨਿਯੁਕਤੀ ਲਈ ਦਬਾਅ ਪਾਉਣ ਦੀਆਂ ਕਾਰਵਾਈਆਂ ਵੀ ਪਾ ਦਿੱਤੀਆਂ ਹਨ। ਪਾਵਰਕੌਮ ਦੇ ਨਵ ਨਿਯੁਕਤ ਸੀਐਮਡੀ ਇੰਜਨੀਅਰ ਬਲਦੇਵ ਸਿੰਘ ਸਰਾਂ ਵੱਲੋਂ ਸਾਂਝੀ ਕੀਤੀ ਗਈ ਪੋਸਟ ਵਿੱਚ ਕਿਹਾ ਗਿਆ ਕਿ ਏਨੀ ਫੁਰਤੀ ਮਹਿਕਮੇ ਅਤੇ ਲੋਕਾਂ ਦੇ ਕੰਮਾਂ ਲਈ ਨਹੀਂ ਦਿਖਾਉਂਦੇ। ਸਹੂਲਤ ਲਈ ਕਿਸੇ ਸਟੇਸ਼ਨ ਦੀ ਥਾਂ ਕਿਸੇ ਵਿਸ਼ੇਸ਼ ਉਸ ਦੀ ਮੰਗ ਕਰਨਾ ਭ੍ਰਿਸ਼ਟ ਮਾਨਸਿਕਤਾ ਨੂੰ ਦਰਸਾਉਂਦਾ ਹੈ। ਸੀਐਮਡੀ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਦਾ ਮਨ ਬਹੁਤ ਦੁਖੀ ਹੋਇਆ ਹੈ ਅਤੇ ਸ਼ਰਮਿੰਦਗੀ ਮਹਿਸੂਸ ਹੋਈ ਹੈ ਉਨ੍ਹਾਂ ਕਿਹਾ ਕਿ ਪਿਛਲੇ ਕਾਰਜਕਾਲ ਦੌਰਾਨ ਵੀ ਇਹ ਸਭ ਤੋਂ ਵੱਧ ਦੁਖਦਾਈ ਅਤੇ ਨਿਰਾਸ਼ਾ ਵਾਲਾ ਪਹਿਲੂ ਰਿਹਾ ਸੀ।

ਸੀਐਮਡੀ ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਉਹ ਬਿਜਲੀ ਖੇਤਰ ਵਿੱਚ ਭ੍ਰਿਸ਼ਟਾਚਾਰ ਵਧਾਉਣ ਲਈ ਨਿਯੁਕਤ ਨਹੀਂ ਹੋਏ ਹਨ ਸਗੋਂ ਬਿਜਲੀ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਦੇਣ ਦੇ ਨਾਲ ਨਾਲ ਅਫ਼ਸਰ ਅਤੇ ਕਰਮਚਾਰੀਆਂ ਦੀ ਹਕੀਕੀ ਸਮੱਸਿਆਵਾਂ ਨੂੰ ਸਮਝਣਾ ਅਤੇ ਨਜਿੱਠਣਾ ਚਾਹੁੰਦੇ ਹਨ। ਸੀਐਮਡੀ ਵੱਲੋਂ ਸਾਂਝੀ ਕੀਤੀ ਪੋਸਟ ਅਨੁਸਾਰ ਪੈਸੇ ਦੀ ਭੁੱਖ ਪੂਰੀ ਕਰਨ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦੀ ਸਹਾਇਤਾ ਕਰਨ ਦਾ ਮੇਰਾ ਕੋਈ ਇਰਾਦਾ ਨਹੀਂ ਰਿਸ਼ਵਤਖੋਰੀ ਨੂੰ ਲੈ ਕੇ ਮਹਿਕਮਾ ਪਹਿਲਾਂ ਹੀ ਬਹੁਤ ਬਦਨਾਮ ਹੈ ਅਤੇ ਇਸ ਬਦਨਾਮੀ ਨੂੰ ਘਟਾਉਣ ਲਈ ਆਪਣਾ ਅਸਾਧਾਰਨ ਯੋਗਦਾਨ ਪਾਉਣ ਦੀ ਲੋੜ ਹੈ।

ਉਹਦਾ ਸੌਂਪਣ ਤੋਂ ਪਹਿਲਾਂ ਸੀਐਮਡੀ ਵੱਲੋਂ ਸਾਂਝੀ ਕੀਤੀ ਕਿ ਪੋਸਟ ਵਿੱਚ ਕਿਹਾ ਗਿਆ ਹੈ ਕਿ ਸਾਰੇ ਕਰਮਚਾਰੀ ਅਧਿਕਾਰੀ ਅਤੇ ਖ਼ਾਸ ਕਰਕੇ ਇੰਜੀਨੀਅਰ ਨੂੰ ਬੇਨਤੀ ਹੈ ਕਿ ਆਪਣੇ ਅਦਾਰੇ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾ ਕੇ ਇਸ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਈਏ।