ਨਵੀਂ ਦਿੱਲੀ . CBSE ਬੋਰਡ ਨੇ ਆਪਣੇ ਵਿਦਿਆਰਥੀਆਂ ਨੂੰ ਰਾਹਤ ਦੇਣ ਸਬੰਧੀ ਫੈਸਲਾ ਕੀਤਾ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਡਾ. ਸੰਯਮ ਭਾਰਦਵਾਜ ਨੇ ਸੀਬੀਐੱਸਈ ਦੇ ਪ੍ਰਿੰਸੀਪਲਾਂ ਨਾਲ ਆਨਲਾਈਨ ਬੈਠਕ ਕੀਤੀ। ਬੈਠਕ ਵਿੱਚ ਫੈਸਲਾ ਲਿਆ ਗਿਆ ਕਿ ਬੋਰਡ ਦੀਆਂ ਬਾਕੀ ਪ੍ਰੀਖਿਆਵਾਂ ਲੌਕਡਾਊਨ ਖ਼ਤਮ ਹੋਣ ਤੋਂ ਬਾਅਦ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਮਨੁੱਖੀ ਵਿਕਾਸ ਸਰੋਤ ਮੰਤਰਾਲੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਮਨੁੱਖੀ ਵਿਕਾਸ ਸਰੋਤ ਮੰਤਰਾਲੇ ਤੋਂ ਪ੍ਰਵਾਨਗੀ ਮਿਲਦਿਆਂ ਹੀ ਪ੍ਰੀਖਿਆ ਦੇ ਪਲਾਨ ਦਾ ਐਲਾਨ ਕਰ ਦਿੱਤਾ ਜਾਵੇਗਾ। ਸਮੇਂ ਦੀ ਨਿਜ਼ਾਕਤ ਨੂੰ ਦੇਖਦਿਆਂ ਪ੍ਰੀਖਿਆ ਐਤਵਾਰ ਨੂੰ ਵੀ ਕੀਤੀ ਜਾ ਸਕਦੀ ਹੈ।
ਪ੍ਰੀਖਿਆਵਾਂ ਲਈ, 10 ਉਮੀਦਵਾਰਾਂ ਨੂੰ ਇੱਕ ਪ੍ਰੀਖਿਆ ਹਾਲ ਵਿੱਚ ਬੈਠਣ ਦੀ ਹਦਾਇਤ ਵੀ ਕੀਤੀ ਜਾ ਸਕਦੀ ਹੈ। ਡਾ. ਸੰਯਮ ਭਾਰਦਵਾਜ ਨੇ ਬੋਰਡ ਦੀਆਂ ਕਾਪੀਆਂ ਦੇ ਮੁਲਾਂਕਣ ਬਾਰੇ ਦੱਸਿਆ ਕਿ ਜਿਨ੍ਹਾਂ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਮੁਕੰਮਲ ਹੋ ਚੁੱਕੀਆਂ ਹਨ, ਉਹਨਾਂ ਦੇ ਮੁਲਾਂਕਣ ਨਾਲ ਸਬੰਧਤ ਫੈਸਲਾ ਸੀਬੀਐਸਈ ਲੈ ਚੁੱਕੀ ਹੈ। ਜਿਸ ਦੇ ਬਾਰੇ ਵਿੱਚ ਮੁਲਾਂਕਣ ਦਾ ਕੰਮ ਲੌਕਡਾਊਨ ਦੇ ਖ਼ਤਮ ਹੋਣ ਤੋਂ 04 ਦਿਨਾਂ ਬਾਅਦ ਸ਼ੁਰੂ ਕੀਤਾ ਜਾਵੇਗਾ। ਮੁਲਾਂਕਣ ਦਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਹੋਣ ਲਈ, ਵਧੇਰੇ ਪ੍ਰੀਖਿਆਕਾਰਾਂ ਦੀ ਡਿਊਟੀ ਲਾਈ ਜਾਵੇਗੀ ਤਾਂ ਜੋ ਨਤੀਜੇ ਬਿਨਾਂ ਦੇਰੀ ਐਲਾਨੇ ਜਾਣ।