ਮੁੰਬਈ (ਮੁਕੇਸ਼) | ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ਵਿੱਚ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਹਾਲਾਂਕਿ ਮੁੰਬਈ ਪੁਲਿਸ ਨੇ ਰਾਜ ਲਈ 7 ਦਿਨਾਂ ਦੀ ਪੁਲਿਸ ਹਿਰਾਸਤ ਦੀ ਮੰਗ ਕੀਤੀ ਸੀ, ਜਿਸ ਨੂੰ ਅਦਾਲਤ ਨੇ ਸਵੀਕਾਰ ਨਹੀਂ ਕੀਤਾ। ਰਾਜ ਕੁੰਦਰਾ ਨੂੰ ਮੁੰਬਈ ਪੁਲਿਸ ਨੇ 19 ਜੁਲਾਈ ਨੂੰ ਅਸ਼ਲੀਲ ਸਮੱਗਰੀ ਦੇ ਨਿਰਮਾਣ ਅਤੇ ਪ੍ਰਸਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਮੁੰਬਈ ਪੁਲਿਸ ਮੁਤਾਬਕ ਕਰਾਈਮ ਬ੍ਰਾਂਚ ਦੇ ਕੋਲ ਫਰਵਰੀ 2021 ‘ਚ ਇਕ ਮਾਮਲਾ ਦਰਜ ਹੋਇਆ ਸੀ, ਰਾਜ ਕੁੰਦਰਾ ਨੂੰ ਇਸੇ ਮਾਮਲੇ ਦੀ ਜਾਂਚ ਦੇ ਸਿਲਸਿਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮਾਮਲੇ ‘ਚ ਰਾਜ ਕੁੰਦਰਾ ਦੇ ਸ਼ਾਮਿਲ ਹੋਣ ਦੇ ਠੋਸ ਸਬੂਤ ਹਨ।

ਰਾਜ ਕੁੰਦਰਾ ਇਕ ਅਜਿਹਾ ਬਿਜ਼ਨਸਮੈਨ, ਜਿਸ ਦੀਆਂ ਜ਼ਿਆਦਾਤਰ ਖਬਰਾਂ ਫਾਈਨਾਂਸ ਖੇਤਰ ਤੋਂ ਇਲਾਵਾ ਅਖਬਾਰਾਂ ਦੇ ਇੰਟਰਟੇਨਮੈਂਟ ਸੈਕਸ਼ਨ ‘ਚ ਛਪਦੀਆਂ ਰਹੀਆਂ ਹਨ। ਸਿਲਪਾ ਸ਼ੈਟੀ ਨਾਲ 2009 ਚ ਵਿਆਹ ਕਰਵਾਉਣ ਤੋਂ ਬਾਅਦ ਪਹਿਲੀ ਵਾਰ ਇੰਡੀਅਨ ਸੁਰਖੀਆਂ ਬਣੇ।

19 ਜੁਲਾਈ ਨੂੰ ਰਾਤ 9 ਵਜੇ ਪੁੱਛਗਿਛ ਲਈ ਰਾਜ ਕੁੰਦਰਾ ਨੂੰ ਮੁੰਬਈ ਦੀ ਕਰਾਈਮ ਬ੍ਰਾਂਚ ਚ ਬੁਲਾਇਆ ਗਿਆ। 2 ਘੰਟੇ ਦੀ ਪੁੱਛਗਿਛ ਤੋਂ ਬਾਅਦ ਕਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਰਾਜ ਨੂੰ ਗ੍ਰਿਫਤਾਰ ਕਰ ਲਿਆ ।

ਪੁਲਿਸ ਨੇ ਦੱਸਿਆ ਕਿ ਰਾਜ ਮੁੰਬਈ ਚ ਫਿਲਮਾਂ ਦੀ ਤਲਾਸ਼ ਚ ਆਉਣ ਵਾਲੀਆਂ ਲੜਕੀਆਂ ਨੂੰ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਪੋਰਨ ਕੰਟੈਂਟ ਬਣਾਉਂਦਾ ਸੀ।

ਫਰਵਰੀ 2021 ‘ਚ ਪੁਲਿਸ ਨੇ ਪੋਰਨ ਰੈਕੇਟ ਦਾ ਖੁਲਾਸਾ ਕੀਤਾ ਸੀ। ਮੁੰਬਈ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕਰਾਈਮ ਬ੍ਰਾਂਚ ਨੇ ਫਰਵਰੀ ‘ਚ ਅਸ਼ਲੀਲ ਫਿਲਮਾਂ ਬਣਾਉਣ ਤੇ ਉਨ੍ਹਾਂ ਨੂੰ ਵੱਖ-ਵੱਖ OTT ਪਲੇਟਫਾਰਮਾਂ ‘ਤੇ ਰਿਲੀਜ਼ ਕਰਨ ਦਾ ਕੇਸ ਦਰਜ ਕੀਤਾ ਸੀ।

ਇਸ ਤੋਂ ਬਾਅਦ ਹੀ ਪੁਲਿਸ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਸੀ। ਪੁਲਿਸ ਦੇ ਸ਼ਿਕੰਜੇ ‘ਚ 4 ਲੋਕ ਆਏ, ਜਦੋਂ ਉਨ੍ਹਾਂ ਤੋਂ ਪੁੱਛਗਿਛ ਕੀਤੀ ਗਈ ਤਾਂ ਰਾਜ ਕੁੰਦਰਾ ਦਾ ਨਾਂ ਸਾਹਮਣੇ ਆਇਆ, ਜਿਸ ਦੇ ਆਧਾਰ ‘ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ।

ਪੁਲਿਸ ਮੁਤਾਬਕ ਰਾਜ ਕੁੰਦਰਾ ਮੁੱਖ ਆਰੋਪੀ ਤੇ ਸਾਜ਼ਿਸ਼ਕਰਤਾ ਹੈ। ਪੁਲਿਸ ਇਸ ਮਾਮਲੇ ‘ਚ ਹੁਣ ਤੱਕ 11 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਪੁਲਿਸ ਜਾਂਚ ‘ਚ ਪਤਾ ਲੱਗਾ ਹੈ ਕਿ ਮੁੰਬਈ ‘ਚ ਇਕ ਬੰਗਲਾ ਕਿਰਾਏ ‘ਤੇ ਲਿਆ ਗਿਆ, ਜਿਥੇ ਅਸ਼ਲੀਲ ਫਿਲਮਾਂ ਦੀ ਸ਼ੂਟਿੰਗ ਕੀਤੀ ਜਾਂਦੀ ਸੀ, ਜਦੋਂ ਪੁਲਿਸ ਨੇ ਇਥੇ ਛਾਪਾ ਮਾਰਿਆ, ਉਦੋਂ ਵੀ ਇਥੇ ਸ਼ੂਟਿੰਗ ਚੱਲ ਰਹੀ ਸੀ।

ਰਾਜ ਕੁੰਦਰਾ ਦਾ ਬਚਪਨ

ਰਾਜ ਕੁੰਦਰਾ ਦਾ ਬਚਪਨ ਗਰੀਬੀ ‘ਚ ਬੀਤਿਆ। ਰਾਜ ਦੇ ਪਿਤਾ ਬਾਲ ਕ੍ਰਿਸ਼ਨ ਕੁੰਦਰਾ ਆਪਣੇ ਪਿਤਾ ਦੇ ਕਹਿਣ ‘ਤੇ ਰੋਜ਼ੀ-ਰੋਟੀ ਲਈ ਲੁਧਿਆਣਾ ਤੋਂ ਲੰਡਨ ਗਏ। ਨਾ ਜ਼ਿਆਦਾ ਪੜ੍ਹੇ-ਲਿਖੇ ਸਨ, ਨਾ ਜ਼ਿਆਦਾ ਪੈਸਾ। ਇਸ ਲਈ ਇਕ ਫੈਕਟਰੀ ‘ਚ ਮਜ਼ਦੂਰੀ ਦਾ ਕੰਮ ਕੀਤਾ।

ਕੁਝ ਚਿਰ ਕੰਮ ਕਰਨ ਤੋਂ ਬਾਅਦ ਬੱਸ ਕੰਡਕਟਰ ਦੀ ਨੌਕਰੀ ਮਿਲ ਗਈ। ਉਸ ਦੀ ਪਤਨੀ ਊਸ਼ਾ ਰਾਣੀ ਵੀ ਐਨਕਾਂ ਦੀ ਦੁਕਾਨ ‘ਤੇ ਕੰਮ ਕਰਦੀ ਸੀ। ਰਾਜ ਤੇ ਉਸ ਦੀਆਂ 2 ਛੋਟੀਆਂ ਭੈਣਾਂ ਆਪਣੇ ਮਾਂ-ਬਾਪ ਨੂੰ ਕੰਮ ਕਰਦਾ ਦੇਖ ਕੇ ਬਹੁਤ ਜਲਦ ਪੈਸੇ ਦੀ ਕੀਮਤ ਜਾਣ ਗਏ।