ਚੰਡੀਗੜ੍ਹ | ਇਥੇ ਚਲਾਨ ਕੱਟਣ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਚੰਡੀਗੜ੍ਹ ਪੁਲਿਸ ਨੇ 2 ਬੱਚਿਆਂ ਦੇ ਪਿਓ ਨੂੰ ਨਾਬਾਲਗ ਦੱਸ ਕੇ ਚਲਾਨ ਕੱਟਿਆ। ਪੁਲਿਸ ਦੀ ਇਸ ਗਲਤ ਕਾਰਵਾਈ ਦਾ ਪੀੜਤ ਰਾਜੂ ਨਾਂਅ ਦਾ ਵਿਅਕਤੀ ਹੈ, ਜੋ ਯੂਪੀ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਸਕੂਟਰ ਮਕੈਨਿਕ ਵਜੋਂ ਕੰਮ ਕਰਦਾ ਸੀ ਅਤੇ ਮੌਜੂਦਾ ਸਮੇਂ ਵਿਚ ਚੰਡੀਗੜ੍ਹ ਦੇ ਸੈਕਟਰ-52 ਵਿੱਚ ਰਹਿੰਦਾ ਹੈ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੀੜਤ ਰਾਜੂ ਨੇ ਅਦਾਲਤ ਦਾ ਰੁਖ ਕੀਤਾ।

ਵਕੀਲ ਨੇ ਦੱਸਿਆ ਕਿ ਪੁਲਿਸ ਨੇ ਰਾਜੂ ਦਾ ਸਕੂਟਰ ਗਲਤ ਤਰੀਕੇ ਨਾਲ ਜ਼ਬਤ ਕੀਤਾ ਹੈ ਕਿਉਂਕਿ ਉਸ ਦੀ ਗੱਡੀ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਅਤੇ ਬੀਮਾ ਸੀ ਪਰ ਚਲਾਨ ਕੱਟਣ ਵਾਲੇ ਪੁਲfਸ ਅਧਿਕਾਰੀ ਨੇ ਇਸ ਨੂੰ ਅਣਗੌਲਿਆਂ ਕਰ ਦਿੱਤਾ। ਉਸ ਨੇ ਦੱਸਿਆ ਕਿ ਰਾਜੂ ਉਸ ਨੂੰ ਗੱਡੀ ਚਲਾਉਣ ਦੀ ਬਜਾਏ ਪੈਦਲ ਹੀ ਲਿਜਾ ਰਿਹਾ ਸੀ। ਇਸ ਦੇ ਬਾਵਜੂਦ ਡਰਾਈਵਿੰਗ ਲਾਇਸੈਂਸ ਨਾ ਹੋਣ ਕਾਰਨ ਉਸ ਦਾ ਚਲਾਨ ਕੱਟਿਆ ਗਿਆ।

ਰਾਜੂ ਨੇ ਅਦਾਲਤ ਨੂੰ ਦੱਸਿਆ ਕਿ ਉਸਦੀ ਜਨਮ ਮਿਤੀ 1 ਜਨਵਰੀ 1990 ਸੀ। ਉਸ ਨੇ 33 ਸਾਲ ਦੀ ਉਮਰ ਹੋਣ ਤੋਂ ਇਲਾਵਾ ਅਦਾਲਤ ਨੂੰ ਆਪਣਾ ਜਨਮ ਸਰਟੀਫਿਕੇਟ ਵੀ ਦਿਖਾਇਆ। ਅਦਾਲਤ ਨੇ ਚੰਡੀਗੜ੍ਹ ਪੁਲਿਸ ਵੱਲੋਂ ਜਨਮ ਸਰਟੀਫਿਕੇਟ ਅਤੇ ਜਮ੍ਹਾ ਕਰਵਾਏ ਗਏ ਹੋਰ ਦਸਤਾਵੇਜ਼ਾਂ ਦੇ ਆਧਾਰ ’ਤੇ ਬਣਾਏ ਘੱਟ ਉਮਰ ਦੇ ਡਰਾਈਵਿੰਗ ਚਲਾਨ ਨੂੰ ਰੱਦ ਕਰ ਦਿੱਤਾ। ਹਾਲਾਂਕਿ, ਰਾਜੂ ਨੂੰ ਹੋਰ ਕਿਸਮ ਦੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਲਈ 3 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ।

ਪਟੀਸ਼ਨਕਰਤਾ ਦੇ ਵਕੀਲ ਸੁਦੇਸ਼ ਕੁਮਾਰ ਨੇ ਦੱਸਿਆ ਕਿ ਮਾਰਚ 2023 ਵਿਚ ਰਾਜੂ ਮੁਰੰਮਤ ਲਈ ਪੈਦਲ ਹੀ ਆਪਣੀ ਵਰਕਸ਼ਾਪ ਵਿੱਚ ਸਕੂਟਰ ਲੈ ਕੇ ਜਾ ਰਿਹਾ ਸੀ। ਇਸੇ ਦੌਰਾਨ ਪੁਲਿਸ ਨੇ ਸੈਕਟਰ-61 ਪੁਲਿਸ ਚੌਕੀ ’ਤੇ ਰਾਜੂ ਨੂੰ ਰੋਕ ਕੇ ਉਸ ਦਾ ਸਕੂਟਰ ਜ਼ਬਤ ਕਰ ਲਿਆ ਅਤੇ ਉਸ ਦਾ ਡਰਾਈਵਿੰਗ ਲਾਇਸੈਂਸ ਨਾ ਹੋਣ ਤੇ ਨਾਬਾਲਗ ਡਰਾਈਵਿੰਗ ਸਮੇਤ ਹੋਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਚਲਾਨ ਕੱਟਿਆ।