ਤੁਰਨਾ ਕਦੇ ਭੱਜਣਾ
ਤੇ ਫਿਰ ਡਿੱਗਣਾ
ਪਰ ਨਿਸ਼ਚਾ ਦ੍ਰਿੜ ਰੱਖਣਾ
ਮਿੱਥੀ ਮੰਜ਼ਿਲ ਵੱਲ
ਕਦਮ ਦਰ ਕਦਮ ਵਧਣਾ।

ਡਿੱਗਣਾ ਵੀ ਕਦੀ ਕਦੀ
ਚੰਗਾ ਹੀ ਹੁੰਦਾ
ਤਾਕਤ ਦੀ ਪਰਖ਼ ਹੁੰਦੀ
ਪਰਵਾਜ਼ ਲਈ ਖੰਭ ਤਾਣਦਿਆਂ
ਆਪਣੇ ਪਰਾਏ ਦੀ ਸ਼ਨਾਖ਼ਤ ਹੁੰਦੀ।

ਠੇਡੇ ਵੀ
ਜ਼ਿੰਦਗੀ ਦਾ ਵੱਡਾ ਸਬਕ
ਸਮਝਣਾ ਲਾਜ਼ਮੀ
ਗ਼ਲਤੀ ਤੇ ਗੁਨਾਹ ਵਿਚਲਾ ਫ਼ਰਕ।

ਮੋਹਤਬਰੋ!
ਬੜੇ ਖ਼ਤਰਨਾਕ ਦੌਰ ਚੋਂ ਲੰਘ ਰਹੇ ਹਾਂ
ਆਪਣੇ ਹਮਦਰਦਾਂ ਦੀ
ਕਿਸੇ ਨਸੀਹਤ ਨੂੰ
ਨਜ਼ਰ ਅੰਦਾਜ਼ ਨਾ ਕਰਨਾ।

ਸਮਝੋ ਸਾਜਸ਼ੀ ਚਾਲਾਂ ਨੂੰ
ਸੱਤਾ ਦੇ ਭਾਈਵਾਲਾਂ ਨੂੰ
ਕਿਸੇ ਵਹਿਣ ਚ ਨਾ ਵਹਿਣਾ
ਅੰਤਿਮ ਜਿੱਤ ਤੱਕ
ਲੜਨਾ ਹੀ ਅਸਲ ਧਰਮ।

ਚੇਤੇ ਰੱਖਿਓ
ਅੱਜ ਸੱਤਾ ਨਾਲ ਜੰਗ
ਖ਼ੁਦ ਮੁਖਤਿਆਰੀ ਦੀ ਨਹੀਂ
ਹੱਕਾਂ ਦੀ ਹੈ।

ਤਖ਼ਤ ਵਿਤਕਰੇ ਕਰਦਿਆਂ
ਕਈ ਕੁਝ ਕਰਦਾ ਹੈ
ਸਾਡੇ ਮੱਥਿਆਂ ਚ
ਬਹੁਤ ਕੁਝ ਬੀਜਦਾ ਹੈ।
ਉੱਗਣ ਨਾ ਦੇਣਾ।
ਲਿਖਦਾ ਹੈ ਊਲ ਜਲੂਲ ਇਬਾਰਤਾਂ
ਪੂੰਝ ਦੇਣਾ ਨਾਲੋ ਨਾਲ।

ਬੇਸ਼ੱਕ ਜਾਗ ਚੁੱਕੀ ਹੈ ਤੀਜੀ ਅੱਖ
ਚੇਤਨਾ ਦੀ ਬੱਤੀ ਜਗਦੀ ਰੱਖਣਾ।
ਚੌਗਿਰਦੇ ਦੀ ਤਾਕ ਰੱਖਣਾ।

ਕੋਈ ਸੁਣੇ ਨਾ ਸੁਣੇ
ਦੱਸਣਾ ਜ਼ਰੂਰ
ਕਿ ਤਖ਼ਤ ਦੇ ਪਾਵੇ ਨੂੰ
ਹੱਥ ਪਾਉਣ ਦਾ
ਅਜੇ ਵੇਲਾ ਨਹੀਂ ਆਇਆ।

ਮੈਂ ਤਾਂ ਮੰਨਦੀ ਹਾਂ
ਵਿਰੋਧ ਚੋਂ ਵਿਕਾਸ ਉਗਮਦਾ
ਬੀਜ ਹੀ ਮੌਲਦਾ ਬਿਰਖ਼ ਬਣ ਕੇ।
ਜ਼ਿੰਦਾਬਾਦ ਤੀਕ ਪੁੱਜਣ ਲਈ
ਮਿੱਟੀ ਨਾਲ ਮਿੱਟੀ ਹੋਣਾ ਪੈਂਦਾ
ਸਿਰ ਦੇ ਭਾਰ ਖਲੋ ਕੇ ਹੀ
ਧਰਤੀ ਚ ਰੁੱਖ ਨੂੰ ਉੱਗਣਾ ਪੈਂਦਾ
ਘਣਛਾਵਾਂ ਬਣਨ ਲਈ।

ਪਰ ਐਨਾ ਧਿਆਨ ਰਖਿਓ
ਬੇਲੋੜਾ ਵਿਰੋਧ
ਬੇਲਗਾਮ ਸੱਤਾ ਦੇ ਹੱਥ
ਮਜਬੂਤ ਨਾ ਹੋ ਜਾਣ ਕਿਤੇ।
ਉਸ ਦੇ ਜਬਾੜਿਆਂ ਚ ਨਾ ਬੈਠਣਾ
ਬਹੁਤ ਕੁਝ ਖਾ ਬੈਠੀ ਹੈ
ਇਹ ਹੈਂਸਿਆਰੀ ਡੈਣ।

ਮਿਟਾ ਦਿਓ ਆਪਸੀ ਸਾੜਾ ਤੇ ਨਫ਼ਰਤ
ਭੱਥੇ ਚ ਸਾਂਭ ਲਓ ਹਾਲ ਦੀ ਘੜੀ
ਲਫ਼ਜ਼ਾਂ ਦੇ ਅਣੀਆਲੇ ਤੀਰ।

ਬੰਨ੍ਹ ਬਣੋ ਨਾ ਕਿ ਲਕੀਰ
ਲਕੀਰ ਵਿਛੋੜਦੀ
ਮਨ ਚ ਕੰਡੇ ਪੋੜਦੀ।

ਜੇ ਛਲਕ ਗਿਆ
ਸਬਰ ਦਾ ਭਰਿਆ ਨੱਕੋ ਨੱਕ ਪਿਆਲਾ
ਵਲੂੰਧਰ ਦੇਵੇਗਾ ਸਾਡੀਆਂ ਰੂਹਾਂ
ਖ਼ੂਬਸੂਰਤ ਅੱਖਾਂ ਚੋਂ
ਹਜ਼ਾਰਾਂ ਖੁਆਬ ਮਰ ਜਾਣਗੇ
ਕਿਰਤ ਦੇ ਅਰਥ ਮਨਫ਼ੀ ਹੋ ਜਾਣਗੇ।
ਸ਼ਰਮਸ਼ਾਰ ਹੋ ਅਸੀਂ
ਗੁਨਾਹਗਾਰ ਬਣ ਜਾਵਾਂਗੇ
ਨਾ ਜੀ ਸਕਾਂਗੇ
ਪਲ ਪਲ ਦੀ ਮੌਤ ਮਰਾਂਗੇ
ਚੇਤੇ ਰੱਖਿਓ ਲਾਸਾਨੀ ਸ਼ਹਾਦਤਾਂ
ਨਾ ਭੁੱਲਿਓ
ਕਰਜ਼ੇ ਚ ਡੁੱਬੇ ਬਾਪ ਦਾ ਚਿਹਰਾ
ਤੁਹਾਡੇ ਸੰਜਮ ਨੇ ਮੋਰਚੇ ਨੂੰ
ਜ਼ਿਆਰਤਗਾਹ ਬਣਾਇਆ
ਕਬਰਗਾਹ ਨਾ ਬਣਨ ਦੇਣਾ ਕਦੇ।

ਇਹਦੀ ਆਭਾ ਨਾ ਗੁਆਇਓ
ਨਾ ਧੋਖਾ ਵਾਰ ਵਾਰ ਖਾਇਓ
ਯਾਦ ਰੱਖਿਓ ਭੁੱਲ ਨਾ ਜਾਇਓ
ਸਾਡਾ ਧਰਮ ਮੋਰਚਾ
ਸਾਡਾ ਕਰਮ ਮੋਰਚਾ
ਸਾਡੀ ਇਬਾਦਤ ਮੋਰਚਾ
ਨਿਗ੍ਹਾ ਬੁਲੰਦ ਮੰਜ਼ਿਲ ਤੇ ਨਜ਼ਰ
ਪੈਰਾਂ ਚ ਹਰਕਤ ਅੱਖਾਂ ਚ ਸੁਪਨੇ
ਦਿਲਾਂ ਚ ਧੜਕਣ ਬਰਕਰਾਰ ਰੱਖਿਓ
ਵਧ ਰਿਹਾ ਹੈ ਕਾਫਲਾ
ਮੰਜ਼ਿਲ ਦੂਰ ਨਹੀਂ
ਜਿੱਤ ਜੂਝਦੇ ਲੋਕਾਂ ਦੀ ਅਟੱਲ।
ਪੱਲੇ ਬੰਨ੍ਹੋ ਮੇਰੀ ਆਖੀ ਗੱਲ।

(ਡਾ.) ਨਵਜੋਤ ਕੌਰ

(ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਜ ਫਾਰ ਵੂਮਨ , ਜਲੰਧਰ)