1. ਮਾਂ ਦਾ ਇਕ ਸਿਰਨਾਵਾਂ

ਅੱਕ ਕੱਕੜੀ ਦੇ ਫੰਬੇ ਖਿੰਡੇ,
ਬਿਖਰੇ ਵਿਚ ਹਵਾਵਾਂ!
ਸਵੈ-ਪਹਿਚਾਣ ‘ਚ ਉੱਡੇ, ਭਟਕੇ –
ਦੇਸ਼, ਦੀਪ, ਦਿਸ਼ਾਵਾਂ!
ਬਾਹਰੋਂ ਅੰਦਰ, ਅੰਦਰੋਂ ਬਾਹਰ –
ਭਟਕੇ ਚਾਨਣ, ਚਾਨਣ ਦਾ ਪਰਛਾਵਾਂ!
ਮਾਂ-ਬੋਲੀ ‘ਚੋਂ ਮਮਤਾ ਢੂੰਡਣ,
ਤੜਪ ਰਹੇ ਬਿਨ ਮਾਵਾਂ!
ਮੰਗਦੀ ਹੈ ਪਹਿਚਾਣ ਇਨ੍ਹਾਂ ਦੀ,
ਅੱਜ ਜੜ੍ਹ ਦਾ ਸਿਰਨਾਵਾਂ!
ਜੜ੍ਹਾਂ ਵਾਲਿਓ! ਜੜ੍ਹ ਦੇ ਸੁਫਨੇ,
ਲੱਥੇ ਵਿਚ ਖਲਾਵਾਂ!
ਮਾਂ-ਭੋਂ ਬਾਝੋਂ, ਕਿੱਥੇ ਪੱਲ੍ਹਰਣ?
ਸਭ ਬੇਗਾਨੀਆਂ ਥਾਵਾਂ!
ਮੋਹ-ਮਾਇਆ ਦੇ ਕਈ ਸਿਰਨਾਵੇਂ,
ਮਾਂ ਦਾ ਇਕ ਸਿਰਨਾਵਾਂ!!!

2. ਸ਼ੀਸ਼ਾ ਤੇ ਪ੍ਰਸ਼ਨਾਂ ਦੀ ਪਿਆਸ

ਸ਼ੀਸ਼ੇ ਦੇ ਵਿੱਚ ਫੁੱਲ ਵੱਸਦੇ ਹਨ,
ਸ਼ੀਸ਼ੇ ਵਿੱਚ ਹੀ ਹਨ ਅੰਗਿਆਰ।
ਸ਼ੀਸ਼ਾ ਮਨ ਦੀ ਵਿਥਿਆ ਬਣਦਾ,
ਜੋ ਸੋਚੋ, ਉਹ ਲਵੋ ਨਿਹਾਰ।
ਸ਼ੀਸ਼ੇ ਦੇ ਵਿੱਚ ਆਤਮ-ਪੂਜਾ,
ਸ਼ੀਸ਼ੇ ਵਿੱਚ ਆਤਮ-ਅਭਿਮਾਨ।
ਆਪਣੀ ਪ੍ਰਿਥਵੀ, ਆਪਣੇ ਤਾਰੇ,
ਆਪਣਾ ਹੀ ਹੁੰਦਾ ਆਸਮਾਨ।
ਸ਼ੀਸ਼ੇ ਦੇ ਵਿੱਚ ਆਪਣਾ ਚਿਹਰਾ,
ਪਿੰਡ, ਬ੍ਰਹਮੰਡ ਦੇ ਸਾਰੇ ਭੇਦ।
ਕਾਵਿ-ਉਡਾਰੀ ਵੀ ਇਸ ਅੰਦਰ,
ਦਰਸ਼ਨ, ਗਿਆਨ ਤੇ ਸਾਰੇ ਵੇਦ।
ਸ਼ੀਸ਼ੇ ਵਿੱਚ ਮਹਿਬੂਬ ਦਾ ਚਿਹਰਾ,
ਚਿਹਰਾ ਇੱਕ ਤੇ ਰੂਪ ਅਨੇਕ।
ਸ਼ੀਸ਼ੇ ਵਿੱਚ ਹੀ ਮਾਨਵਤਾ ਹੈ,
ਰੇਤ ਸਮੇਂ ਦੀ, ਕੇਰਨ ਛੇਕ।
ਸ਼ੀਸ਼ਾ ਮੇਰੇ ਅੰਗ ਸੰਗ ਵੱਸਦਾ,
ਜਦ, ਜਦ ਹੋਵਾਂ ਮੈਂ ਉਦਾਸ।
ਅੱਖਾਂ ਵਿੱਚ ਅੱਖਾਂ ਪਾ ਬੋਲੇ,
ਤ੍ਰਿਪਤ ਕਰੇ ਪ੍ਰਸ਼ਨਾਂ ਦੀ ਪਿਆਸ।

3. ਆਸਥਾ ਦੀ ਤਲਾਸ਼ ਵਿਚ

ਬਰਫ, ਬਰਖਾ ਬਰਸਦੀ
ਗਿੱਲੀ ਜਿਹੀ, ਠੰਡੀ ਬੜੀ,
ਚੱਲੇ ਹਵਾ!
ਸੂਰਜ ਦਾ ਕੁਝ ਪਤਾ ਨਹੀਂ,
ਚਾਨਣ ਵੀ ਹੈ ‘ਨ੍ਹੇਰਾ ਜਿਹਾ!
ਅੱਖਾਂ ’ਤੇ ਪਰਬਤ-ਟੀਸੀਆਂ ਵਿਚ,
ਢਹਿ ਰਹੇ ਆਕਾਸ਼ ਦਾ ਪਰਦਾ ਰਿਹਾ!
ਠੁਰਕਦੀ ਦੇਹੀ ਤੇ ਕੰਬਦੇ ਮਨ ਨਾਲ,
ਸ਼ੀਸ਼ੇ ਜਿਹੀ ਇਸ ਬਰਫ ਉੱਤੋਂ ਤਿਲ੍ਹਕਦਾ-
ਚਾਰੇ ਚੂਕਾਂ ਸਾਂਭਦਾ, ਫਿਰ ਲੁੜ੍ਹਕਦਾ,
ਹੈ ਕੌਣ ਕਿੱਧਰ ਜਾ ਰਿਹਾ?
ਵਾਦੀ ਦੇ ਘਰਾਂ ’ਚ, ਝਿਲਮਿਲ ਬੱਤੀਆਂ,
ਜੀਵਨ ਵੀ ਹੈ, ਜੁਗਨੂੰ ਵੀ ਹੈ, ਧੁੰਦਲਾ ਜਿਹਾ!
‘ਨ੍ਹੇਰ ਹੈ, ਕੁਝ ਹੋਰ ਸੰਘਣਾ ਹੋ ਗਿਆ!
ਧਰਤ-ਛੂਹ ਤਕ, ਪੈਰ ਨੂੰ ਹੀ ਜਾਪਦਾ,
ਦਿਸ ਰਿਹਾ ਰਸਤਾ ਪਿਆ!
ਪਲਕਾਂ ਤੋਂ ਅਬਰਕ ਝਾੜਦਾ, ਸਿੱਲ੍ਹਾ ਜਿਹਾ-
ਇਹ ਕੌਣ ਜੋ ਇਸ ਠੰਡ ਵਿਚ,
ਵਾਦੀ ਦੇ ਘਰਾਂ ਤੋਂ ਹੋ ਬੇਮੁੱਖ ਰਿਹਾ?
ਇਹ ਕਿਸ ਨੇ ਆਪਾ ਮਾਰਿਆ?
ਤੇ ਬਾਲਿਆ ਖੁਦ ਹੀ ਸਿਵਾ???
ਇਹ ਕੌਣ ਆਪਣੀ ਰੌਸ਼ਨੀ ਵਿਚ,
ਸੜ ਰਿਹਾ ਹੈ,
ਤੱਕ ਰਿਹਾ ਤੇ ਤੁਰ ਰਿਹਾ???
ਇਹ ਕੌਣ ਕਿੱਧਰ ਜਾ ਰਿਹਾ???