ਜਲੰਧਰ, 10 ਅਕਤੂਬਰ | ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ NRI ਮੈਰਿਜ ਬਿਊਰੋ ਐਪ ਫਰਾਡ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਥਾਣਾ 6 ਦੀ ਪੁਲਿਸ ਨੇ 15 ਨੌਜਵਾਨ ਲੜਕੇ-ਲੜਕੀਆਂ ਨੂੰ ਰਾਊਂਡਅਪ ਕਰ ਲਿਆ ਅਤੇ 2 ਦੋਸ਼ੀਆਂ ਖਿਲਾਫ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਗਿਰੋਹ ਦਾ ਆਗੂ ਕੈਨੇਡਾ ਤੋਂ ਇਸ ਗਿਰੋਹ ਨੂੰ ਚਲਾ ਰਿਹਾ ਸੀ। ਕੈਨੇਡਾ ‘ਚ ਵਿਆਹ ਕਰਵਾਉਣ ਦੇ ਬਹਾਨੇ ਲੋਕਾਂ ਨਾਲ ਠੱਗੀ ਮਾਰੀ ਗਈ। ਸੂਤਰਾਂ ਅਨੁਸਾਰ ਐਨਆਰਆਈ ਮੈਰਿਜ ਬਿਊਰੋ ਦੇ ਮੈਂਬਰ ਵਿਦੇਸ਼ ਵਿਚ ਵਿਆਹ ਕਰਵਾਉਣ ਲਈ ਇੱਕ ਵਿਅਕਤੀ ਤੋਂ 500 ਡਾਲਰ ਯਾਨੀ 45 ਹਜ਼ਾਰ ਰੁਪਏ ਵਸੂਲਦੇ ਸਨ। ਇੰਨਾ ਹੀ ਨਹੀਂ ਉਕਤ ਗਿਰੋਹ ਹਰ ਰੋਜ਼ 15-20 ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦਾ ਸੀ।

ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਛਾਪਾ ਮਾਰ ਕੇ 15 ਦੇ ਕਰੀਬ ਨੌਜਵਾਨ ਲੜਕੇ-ਲੜਕੀਆਂ ਨੂੰ ਗ੍ਰਿਫਤਾਰ ਕਰ ਲਿਆ। ਵਿਸ਼ਾਲ ਅਤੇ ਸੰਜੇ ਨਾਮ ਦੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਨੇ 2 ਦਰਜਨ ਤੋਂ ਵੱਧ ਖਾਤੇ ਜ਼ਬਤ ਕੀਤੇ ਹਨ। ਫੜੇ ਗਏ ਲੜਕੇ-ਲੜਕੀਆਂ ਦੇ ਫੋਨ ਵੀ ਜ਼ਬਤ ਕੀਤੇ ਜਾ ਰਹੇ ਹਨ ਅਤੇ ਕਾਲ ਡਿਟੇਲ ਵੀ ਕਢਵਾਈ ਜਾ ਰਹੀ ਹੈ। ਪੁਲਿਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਐਨਆਰਆਈ ਮੈਰਿਜ ਬਿਊਰੋ ਫਰਾਡ ਗਿਰੋਹ ਦਾ ਸਰਗਨਾ ਕੈਨੇਡੀਅਨ ਐਨਆਰਆਈ ਪ੍ਰਦੀਪ ਸਿੰਘ, ਉਸ ਦੀ ਪਤਨੀ ਅਤੇ ਬੇਟੀ ਹੈ। ਤਿੰਨਾਂ ਨੇ ਮਿਲ ਕੇ ਐਨਆਰਆਈ ਮੈਰਿਜ ਬਿਊਰੋ ਐਪ ਚਲਾਇਆ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।