ਚੰਡੀਗੜ੍ਹ/ਲੁਧਿਆਣਾ/ਜਲੰਧਰ। ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹਾਲਾਂਕਿ ਇਸ ਮਾਮਲੇ ਨਾਲ ਜੁੜੇ ਜ਼ਿਆਦਾਤਰ ਸ਼ੂਟਰਾਂ ਦੇ ਨਾਂ ਸਾਹਮਣੇ ਆ ਗਏ ਹਨ ਪਰ ਫਿਰ ਵੀ ਇਸ ਕਤਲ ਕਾਂਡ ਦੀ ਤਹਿ ਤੱਕ ਜਾਣਾ ਅਜੇ ਬਾਕੀ ਹੈ।
ਇਸੇ ਮਾਮਲੇ ਨੂੰ ਲੈ ਕੇ ਲੰਘੇ ਦਿਨ ਐਨਆਈਏ ਨੇ ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਤੇ ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ ਨੋਟਿਸ ਭੇਜਿਆ ਸੀ, ਜਿਸ ਤੋਂ ਬਾਅਦ ਲੰਘੇ ਦਿਨ ਅਫਸਾਨਾ ਖਾਨ ਕੋਲੋਂ ਲਗਾਤਾਰ 5 ਘੰਟੇ ਪੁੱਛਗਿਛ ਕੀਤੀ ਗਈ। ਇਸੇ ਸਿਲਸਿਲੇ ਤਹਿਤ ਅਫਸਾਨਾ ਖਾਨ ਨੇ ਐਨਆਈਏ ਜਾਂਚ ਤੇ ਸਿੱਧੂ ਮੂਸੇਵਾਲਾ ਮਰਡਰ ਨੂੰ ਲੈ ਕੇ ਕੁਝ ਖੁਲਾਸੇ ਕੀਤੇ ਹਨ।
ਅਫਸਾਨਾ ਖਾਨ ਨੇ ਸੋਸ਼ਲ ਮੀਡੀਆ ਉਤੇ ਲਾਈਵ ਹੋ ਕੇ ਕਿਹਾ ਕਿ ਸਾਡੇ ਭਰਾ ਦੀ ਮੌਤ ਦੀ ਜਾਂਚ ਇਕ ਸੱਚੀ ਏਜੰਸੀ ਕੋਲ ਗਈ ਹੈ। ਉਨ੍ਹਾਂ ਨੇ ਮੇਰੇ ਨਾਲ ਕੋਈ ਬੁਰਾ ਵਿਵਹਾਰ ਨਹੀਂ ਕੀਤਾ। ਅਫਸਾਨਾ ਨੇ ਕਿਹਾ ਕਿ ਐਨਆਈਏ ਨੇ ਮੇਰੇ ਗੈਂਗਸਟਰਾਂ ਨਾਲ ਸਬੰਧਾਂ ਆਦਿ ਬਾਰੇ ਕੋਈ ਸਵਾਲ ਨਹੀਂ ਪੁੱਛਿਆ।
ਅਫਸਾਨਾ ਨੇ ਕਿਹਾ ਕਿ ਮੈਂ ਮੀਡੀਆ ਤੋਂ ਉਮੀਦ ਕਰਦੀ ਹਾਂ ਕਿ ਮੇਰੇ ਖਿਲਾਫ ਲਿਖਣ ਨਾਲੋਂ ਇਹ ਦੁਆ ਕਰੋ ਕਿ ਸਿੱਧੂ ਬਾਈ ਨੂੰ ਜਲਦੀ ਇਨਸਾਫ ਮਿਲੇ। ਐਨਆਈਏ ਤੇ ਮੇਰੇ ਵਿਚਕਾਰ ਜੋ ਗੱਲ ਹੋਈ ਹੈ, ਊਹ ਜਾਂ ਤਾਂ ਮੈਂ ਜਾਣਦੀ ਹਾਂ ਤੇ ਜਾਂ ਫਿਰ ਮੇਰਾ ਰੱਬ।
ਐਨਏਆਈ ਨੇ ਸਿਰਫ ਇਹ ਹੀ ਪੁੱਛਿਆ ਕਿ ਤੁਸੀਂ ਸਿੱਧੂ ਨੂੰ ਕਦੋਂ ਤੋਂ ਜਾਣਦੇੋੇ ਹੋ। ਉਨ੍ਹਾਂ ਨੇ ਮੈਨੂੰ ਲੰਚ ਵੀ ਕਰਵਾਇਆ। ਅਫਸਾਨਾ ਨੇ ਕਿਹਾ ਕਿ ਐਨਆਈਏ ਇਕ ਸੱਚੀ ਏਜੰਸੀ ਹੈ। ਇਸ ਲਈ ਮੈਨੂੰ ਇਸ ਏਜੰਸੀ ਤੋਂ ਆਪਣੇ ਭਰਾ ਦੇ ਜਸਟਿਸ ਦੀ ਉਮੀਦ ਹੈ। ਅਫਸਾਨਾ ਨੇ ਕਿਹਾ ਕਿ ਉਹ ਚਾਰ ਮਹੀਨਿਆਂ ਬਾਅਦ ਲਾਈਵ ਹੋਈ ਹੈ।
ਅਫਸਾਨਾ ਨੇ ਕਿਹਾ ਕਿ ਉਹ ਸਨਮਾਨਾਂ ਦੀ ਭੁੱਖੀ ਨਹੀਂ। ਉਸਨੇ ਕਿਹਾ ਸਿੱਧੂ ਬਾਈ ਦੇ ਜਾਣ ਤੋਂ ਬਾਅਦ ਮੈਂ ਹੀ ਜਾਣਦੀ ਹਾਂ ਕਿ ਮੇਰਾ ਕੀ ਹਾਲ ਹੈ। ਅਫਸਾਨਾ ਨੇ ਕਿਹਾ ਕਿ ਜਿਹੜੇ ਲੋਕ ਇਹ ਕਹਿੰਦੇ ਹਨ ਕਿ ਉਹ ਸਿੱਧੂ ਦੀ ਮੌਤ ਉਤੇ ਰੋਟੀਆਂ ਸੇ੍ਕ ਰਹੀ ਹੈ, ਉਨ੍ਹਾਂ ਨੂੰ ਮੈਂ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਪਿੱਛੇ ਮੇਰਾ ਪਰਿਵਾਰ ਹੈ ਤੇ ਮੈਨੂੰ ਕਿਸੇ ਤਰ੍ਹਾਂ ਦੇ ਫੇਮ ਦੀ ਲੋੜ ਨਹੀਂ।