ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਹਲਕਾ ਲੰਬੀ ਦੇ ਪਿੰਡ ਸ਼ਾਮ ਖੇੜਾ ਦੇ ਲੋਕਾਂ ਨੇ ਆਪਣੇ ਪਿੰਡ ਨੂੰ ਨਸ਼ਾਮੁਕਤ ਕਰਨ ਦਾ ਬੀੜਾ ਚੁੱਕ ਲਿਆ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਨਾਲ ਲਗਦੇ ਦੂਜੇ ਪਿੰਡਾਂ ਵਿੱਚ ਵੀ ਨਸ਼ਿਆਂ ਦਾ ਬੋਲਬਾਲਾ ਹੋਣ ਕਰਕੇ ਅਨੇਕਾ ਘਰਾਂ ਦੇ ਚਿਰਾਗ ਬੁੱਝ ਚੁੱਕੇ ਹਨ। ਅੱਜ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾ ਕੇ ਪੁਲਿਸ ਨੂੰ ਦਿੱਤੇ ਕਿ ਉਹ ਆਪਣੇ ਪਿੰਡਾਂ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਪੁਲਿਸ ਦਾ ਸਾਥ ਦੇਣਗੇ ਅਤੇ ਨਸ਼ੇ ਵੇਚਣ ਵਾਲਿਆਂ ਨਾਲ ਸਖਤੀ ਨਾਲ ਪੇਸ਼ ਅਉਣਗੇ।

ਭਾਰੀ ਗਿਣਤੀ ਵਿੱਚ ਇਕੱਤਰ ਹੋਏ ਲੋਕਾਂ ਵਿੱਚ ਜਿਆਦਾਤਰ ਔਰਤਾਂ ਸਨ। ਸ਼ਾਮ ਖੇੜਾ ਪਿੰਡ ਦੀਆਂ ਇਨ੍ਹਾਂ ਔਰਤਾਂ ਨੇ ਦੱਸਿਆ ਕਿ ਨਸ਼ੇ ਨੇ ਪਿੰਡ ਦੇ ਕਈ ਨੌਜਵਾਨਾਂ ਦੀ ਜਾਨ ਲੈ ਲਈ ਹੈ। ਦੁਖੀ ਹੋ ਕੇ ਉਨ੍ਹਾਂ ਨੂੰ ਸਾਹਮਣੇ ਆਉਣਾ ਪਿਆ। ਇਕ ਔਰਤ ਨੇ ਕਿਹਾ ਕਿ ਉਸ ਦੇ ਬੇਟੇ ਦੇ ਨਾਲ-ਨਾਲ ਲੜਕੀ ਵੀ ਨਸ਼ਿਆਂ ਦਾ ਸ਼ਿਕਾਰ ਹੋ ਚੁਕੀ ਹੈ।

ਇਕ ਹੋਰ ਵਿਅਕਤੀ ਨੇ ਦੱਸਿਆ ਕਿ ਕਰੀਬ ਅੱਧਾ ਦਰਜਨ ਲੋਕ ਨਸ਼ਿਆਂ ਕਾਰਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਨੇੜੇ-ਤੇੜੇ ਦੇ ਪਿੰਡਾਂ ਦੇ ਲੋਕ ਸ਼ਰੇਆਮ ਨਸ਼ਾ ਵੇਚਦੇ ਹਨ। ਜੇਕਰ ਕੋਈ ਉਨ੍ਹਾਂ ਦੀ ਸ਼ਿਕਾਇਤ ਕਰਦਾ ਹੈ ਤਾਂ ਉਹ ਗਲ੍ਹ ਪੈਂਦੇ ਹਨ।

ਲੋਕਾਂ ਦੇ ਮਤੇ ਤੋਂ ਬਾਅਦ ਪੁਲਿਸ ਵੀ ਹਰਕਤ ਵਿੱਚ ਆਈ ਅਤੇ ਇੱਕ ਨੌਜਵਾਨ ਨੂੰ ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ। ਥਾਣਾ ਕਬਰ ਵਾਲਾ ਦੇ ਮੁਖੀ ਜਸਕਰਨ ਸਿਂਘ ਨੇ ਦੱਸਿਆ ਕਿ ਤਿੰਨ ਪਿੰਡਾਂ ਦੀਆਂ ਪੰਚਾਇਤਾ ਨੇ ਮਤੇ ਪਾ ਕੇ ਦਿਤੇ ਹਨ ਕਿ ਉਹ ਪੁਲਿਸ ਦੀ ਮਦਦ ਕਰਨਗੇ। ਹੁਣ ਪਿੰਡਾਂ ਵਾਲਿਆਂ ਦੀ ਮਦਦ ਨਾਲ ਉਨ੍ਹਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਾਂਗੇ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)