ਮੁਹਾਲੀ| ਕਰੀਬ ਸਵਾ ਸੌ ਪੰਚਾਇਤ ਸਕੱਤਰ ਅਜਿਹੇ ਹਨ ਜਿਹੜੇ ਕਈ ਵਰ੍ਹਿਆਂ ਤੋਂ ਗ਼ਾਇਬ ਚੱਲੇ ਆ ਰਹੇ ਸਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਇਹਨਾਂ ਦੀ ਸੂਚੀ ਤਿਆਰ ਕੀਤੀ ਹੈ। ਇਹਨਾਂ ਚੋਂ ਕਈਆਂ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ।

ਪੰਜਾਬ ਸਰਕਾਰ ਨੇ ਜਦੋਂ ਇਹਨਾਂ ਪੰਚਾਇਤ ਸਕੱਤਰਾਂ ਦੀ ਪੜਤਾਲ ਕੀਤੀ ਤਾਂ ਸਾਹਮਣੇ ਆਇਆ ਕਿ ਵਰ੍ਹਿਆਂ ਤੋਂ ਰਿਕਾਰਡ ਵਿਚ ਮੌਜੂਦ ਬਹੁਤੇ ਪੰਚਾਇਤ ਸਕੱਤਰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ਜਾਂ ਫਿਰ ਸੇਵਾਮੁਕਤ ਹੋ ਚੁੱਕੇ ਹਨ।

ਫਰਲੋ ’ਤੇ ਚੱਲ ਰਹੇ ਪੰਚਾਇਤ ਸਕੱਤਰਾਂ ਵਿਚੋਂ ਬਹੁਤੇ ਪੰਚਾਇਤ ਸਕੱਤਰ ਅਜਿਹੇ ਹਨ ਜਿਹੜੇ ਰਵਾਇਤੀ ਸਿਆਸੀ ਧਿਰਾਂ ਦੇ ਆਗੂਆਂ ਦੇ ਨੇੜਲੇ ਸਨ ਅਤੇ ਉਹ ਪਿਛਲੇ ਸਮੇਂ ਵਿਚ ਫਰਲੋ ’ਤੇ ਹੀ ਸਨ। ਇਨ੍ਹਾਂ ਨੇ ਆਪਣੇ ਨਿੱਜੀ ਕਾਰੋਬਾਰ ਸ਼ੁਰੂ ਕੀਤੇ ਹੋਏ ਹਨ। ਪੰਜਾਬ ਸਰਕਾਰ ਨੇ ਫਰਲੋ ਵਾਲੇ ਪੰਚਾਇਤ ਸਕੱਤਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਵਿਉਂਤ ਬਣਾ ਲਈ ਹੈ। ਪੰਜਾਬ ਭਰ ਵਿਚ ਕੁੱਲ 1683 ਪੰਚਾਇਤ ਸਕੱਤਰ ਫ਼ੀਲਡ ਵਿਚ ਕੰਮ ਕਰਦੇ ਹਨ। ਇਨ੍ਹਾਂ ਵਿਚੋਂ 1563 ਪੰਚਾਇਤ ਸਕੱਤਰ ਹੀ ਮਹਿਕਮੇ ਵਿਚ ਕੰਮ ਕਰ ਰਹੇ ਹਨ। ਬਾਕੀ 120 ਪੰਚਾਇਤ ਸਕੱਤਰਾਂ ਦਾ ਕੋਈ ਥਹੁ ਪਤਾ ਨਹੀਂ ਸੀ।

ਪੜਤਾਲ ਵਿਚ ਪਤਾ ਲੱਗਾ ਹੈ ਕਿ ਜਿਹੜੇ ਪੰਚਾਇਤ ਸਕੱਤਰਾਂ ਦੀ ਮੌਤ ਤੀਹ ਸਾਲ ਪਹਿਲਾਂ ਹੋ ਚੁੱਕੀ ਹੈ ਉਨ੍ਹਾਂ ਦਾ ਨਾਮ ਵਿਭਾਗੀ ਸੀਨੀਅਰਤਾ ਸੂਚੀ ਵਿਚ ਦਰਜ ਸੀ ।

ਇਸ ਤੋਂ ਇਲਾਵਾ ਇਕ ਅਜਿਹਾ ਪੰਚਾਇਤ ਸਕੱਤਰ ਵੀ ਮਿਲਿਆ ਹੈ ਜਿਸ ਦੀ ਇਸੇ ਮਹੀਨੇ ਸੇਵਾਮੁਕਤੀ ਹੈ ਜਿਸ ਬਾਰੇ ਵਿਭਾਗ ਨੂੰ ਕੋਈ ਇਲਮ ਹੀ ਨਹੀਂ ਸੀ। ਮਾਲਵਾ ਖ਼ਿੱਤੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨਅਰ ਆਗੂਆਂ ਦੇ ਨੇੜਲੇ ਅੱਜ ਵੀ ਫਰਲੋ ‘ਤੇ ਚੱਲੇ ਆ ਰਹੇ ਹਨ।

ਪਤਾ ਲੱਗਾ ਹੈ ਕਿ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਕੋਲ ਅਜਿਹੀਆਂ ਦਰਜਨਾਂ ਸ਼ਿਕਾਇਤਾਂ ਪੁੱਜੀਆਂ ਸਨ ਕਿ ਪੁਰਾਣੇ ਸਮੇਂ ਦੀਆਂ ਸਰਕਾਰਾਂ ਦੇ ਨੇੜਲੇ ਪੰਚਾਇਤ ਸਕੱਤਰ ਕਦੇ ਦਫ਼ਤਰਾਂ ਵਿਚ ਡਿਊਟੀ ‘ਤੇ ਗਏ ਹੀ ਨਹੀਂ । ਉਹ ਤਨਖ਼ਾਹ ਲੈਣ ਹੀ ਦਫ਼ਤਰ ਜਾਂਦੇ ਹਨ। ਪੰਜਾਬ ਸਰਕਾਰ ਲਈ ਫਰਲੋ ਵਾਲੇ ਪੰਚਾਇਤ ਸਕੱਤਰਾਂ ਖ਼ਿਲਾਫ਼ ਕਾਰਵਾਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ ਕਿਉਂਕਿ ਕਈ ਅਜਿਹੇ ਪੰਚਾਇਤ ਸਕੱਤਰਾਂ ਨੇ ਨਵੀਂ ਸਰਕਾਰ ਵਿਚ ਪਹੁੰਚ ਰੱਖਣ ਵਾਲਿਆ ਨਾਲ ਵੀ ਦੋਸਤੀ ਪਾ ਲਈ ਹੈ।