ਪਾਕਿਸਤਾਨ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਆਪਣੀ ਰੈਲੀ ‘ਚ ਗੋਲੀਬਾਰੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਗੋਲੀਬਾਰੀ ‘ਚ ਇਮਰਾਨ ਖਾਨ ਵੀ ਜ਼ਖਮੀ ਹੋ ਗਏ ਹਨ।

ਇਮਰਾਨ ਖਾਨ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਲਗਾਤਾਰ ਸਰਕਾਰ ਖਿਲਾਫ ਮੋਰਚਾ ਖੋਲ੍ਹ ਰਹੇ ਹਨ। ਪਿਛਲੇ ਦਿਨੀਂ ਫੌਜ ਦੇ ਉੱਚ ਅਧਿਕਾਰੀਆਂ ਨੂੰ ਲੈ ਕੇ ਉਨ੍ਹਾਂ ਵੱਲੋਂ ਬਿਆਨਬਾਜ਼ੀ ਕੀਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਪੱਸ਼ਟੀਕਰਨ ਵੀ ਦੇਣਾ ਪਿਆ। ਗੋਲੀਬਾਰੀ ‘ਚ ਪੰਜ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।

ਦੱਸ ਦੇਈਏ ਕਿ ਇਮਰਾਨ ਖਾਨ ਇਸ ਵੇਲੇ ਪਾਕਿਸਤਾਨ ਵਿੱਚ ਆਜ਼ਾਦੀ ਮਾਰਚ ਕੱਢ ਰਹੇ ਹਨ। ਉਹ ਮੌਜੂਦਾ ਸਰਕਾਰ ਖਿਲਾਫ ਲਗਾਤਾਰ ਸੜਕ ‘ਤੇ ਧਰਨਾ ਦੇ ਰਹੇ ਹਨ। ਜਦੋਂ ਤੋਂ ਤੋਸ਼ਖਾਨਾ ਮਾਮਲੇ ਵਿੱਚ ਇਮਰਾਨ ਨੂੰ ਦੋਸ਼ੀ ਪਾਇਆ ਗਿਆ ਹੈ, ਉਨ੍ਹਾਂ ਵੱਲੋਂ ਆਜ਼ਾਦੀ ਮਾਰਚ ਸ਼ੁਰੂ ਕੀਤਾ ਗਿਆ ਹੈ। ਇਸੇ ਕੜੀ ਵਿੱਚ ਵੀਰਵਾਰ ਨੂੰ ਉਨ੍ਹਾਂ ਦਾ ਆਜ਼ਾਦੀ ਮਾਰਚ ਵੀ ਕੱਢਿਆ ਗਿਆ। ਪਰ ਇਸ ਵਾਰ ਫਾਇਰਿੰਗ ਹੋਈ ਜਿਸ ਵਿੱਚ ਇਮਰਾਨ ਖਾਨ ਜ਼ਖਮੀ ਦੱਸੇ ਜਾ ਰਹੇ ਹਨ। ਉਨ੍ਹਾਂ ਤੋਂ ਇਲਾਵਾ ਸਾਬਕਾ ਗਵਰਨਰ ਇਮਰਾਨ ਇਸਮਾਇਲ ਵੀ ਇਸ ਗੋਲੀਬਾਰੀ ‘ਚ ਜ਼ਖਮੀ ਹੋ ਗਏ ਹਨ।

ਦੱਸਿਆ ਜਾ ਰਿਹਾ ਹੈ ਕਿ ਇਸ ਗੋਲੀਬਾਰੀ ‘ਚ ਇਮਰਾਨ ਖਾਨ ਦੀ ਲੱਤ ‘ਚ ਗੋਲੀ ਲੱਗੀ ਹੈ। ਉਨ੍ਹਾਂ ਤੋਂ ਇਲਾਵਾ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਕਈ ਹੋਰ ਆਗੂ ਵੀ ਇਸ ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਹਨ। ਫਵਾਦ ਚੌਧਰੀ ਮੁਤਾਬਕ ਇਮਰਾਨ ਖਾਨ ‘ਤੇ ਏਕੇ 47 ਨਾਲ ਗੋਲੀਬਾਰੀ ਕੀਤੀ ਗਈ ਹੈ। ਉਸ ਦੀ ਲੱਤ ‘ਚ ਗੋਲੀ ਲੱਗੀ ਹੈ ਅਤੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।