ਡੀਸੀ ਵਲੋਂ 60 ਲੱਖ ਦੀ ਲਾਗਤ ਨਾਲ ਆਕਸੀਜਨ ਪਲਾਂਟ ਅਤੇ ਮੈਡੀਕਲ ਸਾਜ਼ੋ ਸਮਾਨ ਲਗਾਉਣ ਦੇ ਆਦੇਸ਼

ਜਲੰਧਰ . ਜ਼ਿਲ੍ਹੇ ਵਿੱਚ ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਲਈ ਮੈਡੀਕਲ ਸਹੂਲਤਾਂ ਨੂੰ ਯਕੀਨੀ ਬਣਾਉਂਦਿਆਂ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਵਿਖੇ ਲੈਵਲ-3 ਦੇ ਮਰੀਜ਼ਾਂ ਜਿਨਾਂ ਨੂੰ ਆਈ.ਸੀ.ਯੂ. ਅਤੇ ਵੈਂਟੀਲੇਟਰ ਦੀਆਂ ਬਿਹਤਰ ਸੇਵਾਵਾਂ ਦੀ ਲੋੜ ਹੈ , ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ 25 ਲੱਖ ਰੁਪਏ ਦੀ ਲਾਗਤ ਨਾਲ 56 ਬੈਡ ਤਿਆਰ ਕਰਨ ਤੋਂ ਇਲਾਵਾ ਦੋ ਹਾਈ ਫਲੋਅ ਨੇਸਲ ਆਕਸੀਜਨ ਥੈਰੇਪੀ ਮਸ਼ੀਨਾਂ ਲਗਾਈਆਂ ਗਈਆਂ ਹਨ।

ਕੋਵਿਡ-19 ਦੇ ਵੱਧ ਰਹੇ ਕੇਸਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਵਲੋਂ 60 ਲੱਖ ਰੁਪਏ ਦੀ ਲਾਗਤ ਨਾਲ ਸਿਵਲ ਹਸਪਤਾਲ ਵਿਖੇ ਆਕਸੀਜਨ ਪਲਾਂਟ ਅਤੇ ਹੋਰ ਮੈਡੀਕਲ ਸਾਜ਼ੋ ਸਮਾਨ ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ ਤਾਂ ਜੋ ਮਰੀਜ਼ਾਂ ਨੂੰ ਬਿਹਤਰ ਸਿਹਤ ਸੰਭਾਲ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।                                  

ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਵਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਵਿਸ਼ੇਸ਼ ਸਾਰੰਗਲ ਨਾਲ ਸਿਵਲ ਹਸਪਤਾਲ ਵਿਖੇ ਅਪਗ੍ਰੇਡ ਕੀਤੇ ਗਏ ਆਈ.ਸੀ.ਯੂ.ਯੂਨਿਟ ਦਾ ਦੌਰਾ ਕਰਕੇ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ।

ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ-19 ਦੇ ਵੱਧ ਰਹੇ ਕੇਸਾਂ ਕਰਕੇ ਕਿਸੇ ਵੀ ਸਥਿਤੀ ਦਾ ਬਿਹਤਰ ਸਿਹਤ ਬੁਨਿਆਦੀ ਢਾਂਚੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ।

ਥੋਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਪਾਸ ਆਈ.ਸੀ.ਯੂ. ਵਿੱਚ 28 ਬੈਡ ਸਨ ਜਿਨਾਂ ਵਿੱਚ ਹੁਣ 28 ਹੋਰ ਬੈਡਾਂ ਅਤੇ ਦੋ ਹਾਈ ਫਲੋਅ ਨੇਸਲ ਆਕਸੀਜਨ ਥੈਰੇਪੀ ਮਸੀਨਾਂ, ਮਲਟੀਪੈਰਾ ਮਨੀਟਰ, ਪਲਸ ਔਕਸੀਮੀਟਰ, ਇੰਨਫਿਊਸ਼ਨ ਪੰਪ, ਸਕਸ਼ਨ ਮਸ਼ੀਨ ਅਤੇ ਹੋਰ ਸਹੂਲਤਾਂ ਜੋੜੀਆਂ ਗਈਆਂ ਹਨ।

ਥੋਰੀ ਨੇ ਦੱਸਿਆ ਕਿ ਆਈ.ਸੀ.ਯੂ. ਨੂੰ ਆਧੁਨਿਕ ਤਕਨੀਕਾਂ ਦੀ ਤਰਜ਼ ‘ਤੇ ਮਜ਼ਬੂਤ ਕੀਤਾ ਗਿਆ ਹੈ ਤਾਂ ਜੋ ਮਰੀਜ਼ਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ ਅਤੇ ਉਨਾਂ ਨੂੰ ਬਿਹਤਰ ਇਲਾਜ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।

ਉਨ੍ਹਾਂ ਦੱਸਿਆ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਠੋਸ ਉਪਰਾਲਿਆਂ ਦੇ ਨਾਲ-ਨਾਲ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਵੱਡੇ ਪੱਧਰ ‘ਤੇ ਟੈਸਟ ਕਰਵਾਏ ਜਾ ਰਹੇ ਹਨ।

ਥੋਰੀ ਨੇ ਦੱਸਿਆ ਕਿ ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਦੀ ਜਲਦੀ ਸ਼ਨਾਖਤ ਨਾਲ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਫੈਲਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੰਟੇਨਮੈਂਟ, ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਪਹਿਚਾਣ ਕਰਨ ਅਤੇ ਚੌਕਸੀ ਰੱਖਣ ਜੋ ਕਿ ਕੋਰੋਨਾ ਵਾਇਰਸ ਖਿਲਾਫ ਜੰਗ ਦੌਰਾਨ ਅਹਿਮ ਹਥਿਆਰ ਹਨ ‘ਤੇ ਕੰਮ ਕੀਤਾ ਜਾ ਰਿਹਾ ਹੈ।          

ਥੋਰੀ ਨੇ ਦਸਿਆ ਕਿ ਕੋਵਿਡ-19 ਦੇ ਟੈਸਟ ਜੰਗੀ ਪੱਧਰ ‘ਤੇ ਚੱਲ ਰਹੇ ਹਨ, ਜੋ ਕਿ ਕੇਸਾਂ ਦੀ ਜਲਦੀ ਪਹਿਚਾਣ ਕਰਨ ਵਿੱਚ ਸਹਾਈ ਹੋਣਗੇ ਜਿਸ ਨਾਲ ਮਰੀਜ਼ਾਂ ਦਾ ਜਲਦੀ ਇਲਾਜ ਸ਼ੁਰੂ ਕਰਕੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇਗਾ।

ਥੋਰੀ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਲੋਕਾਂ ਦੀ ਚੰਗੀ ਤਰ੍ਹਾਂ ਜਾਂਚ ਖਾਸ ਕਰਕੇ ਕੰਨੇਟਮੈਂਟ ਅਤੇ ਮਾਈਕਰੋ ਕਨਟੇਨਮੈਂਟਾਂ ਜ਼ੋਨਾਂ ਵਿੱਚ 100 ਪ੍ਰਤੀਸ਼ਤ ਟੈਸਟ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਥੋਰੀ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਪੂਰੀ ਤਰ੍ਹਾਂ ਚੌਕਸ ਰਹਿੰਦੀਆਂ ਸਮਾਜਿਕ ਦੂਰੀ ਦੀ ਪਾਲਣਾ ਦੇ ਨਾਲ -ਨਾਲ ਮਾਸਕ ਪਾਉਣ ਅਤੇ ਅਪਣੇ ਹੱਥਾਂ ਨੂੰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਜਲੰਧਰ-2 ਰਾਹੁਲ ਸਿੰਧੂ, ਮੈਡੀਕਲ ਸੁਪਰਡੰਟ ਮਨਦੀਪ ਕੌਰ, ਸੀਨੀਅਰ ਮੈਡੀਕਲ ਅਫ਼ਸਰ ਡਾ.ਕਸ਼ਮੀਰੀ ਲਾਲ ਅਤੇ ਹੋਰ ਵੀ ਹਾਜ਼ਰ ਸਨ।