ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਦੋ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ ਦੇ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਸ਼ੁਰੂਆਤੀ ਤੌਰ ‘ਤੇ ਇਸ ਘਟਨਾ ਨੂੰ ਬਿਜਲੀ ਦੇ ਸ਼ਾਰਟ ਸਰਕਟ ਨਾਲ ਜੋੜਿਆ ਜਾ ਰਿਹਾ ਸੀ, ਪਰ ਬਿਜਲੀ ਵਿਭਾਗ ਦੀ ਮੁੱਢਲੀ ਜਾਂਚ ਵਿੱਚ ਇਸ ਸੰਭਾਵਨਾ ਨੂੰ ਨਕਾਰ ਦਿੱਤਾ ਗਿਆ। ਇਸ ਤੋਂ ਬਾਅਦ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ, ਜਿਸ ਵਿੱਚ ਇੱਕ ਸ਼ੱਕੀ ਵਿਅਕਤੀ ਦੁਕਾਨਾਂ ਨੂੰ ਅੱਗ ਲਗਾਉਂਦਾ ਨਜ਼ਰ ਆਇਆ। ਪੁਲਿਸ ਨੇ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਣਕਾਰੀ ਮੁਤਾਬਕ ਘਟਨਾ ਦੇ ਪਿੱਛੇ ਸ਼ਰਾਰਤ ਜਾਂ ਸਾਜ਼ਿਸ਼ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਜਾਂਚ ਕੀਤੀ ਜਾ ਰਹੀ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਮੌਕੇ ‘ਤੇ ਪਹੁੰਚੇ ਅਤੇ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਰਾਤ ਸਮੇਂ ਫਾਇਰ ਬ੍ਰਿਗੇਡ, ਨਗਰ ਕੌਂਸਲ ਦੀ ਟੀਮ ਅਤੇ ਸਥਾਨਕ ਲੋਕਾਂ ਦੀ ਤੁਰੰਤ ਕਾਰਵਾਈ ਨਾਲ ਅੱਗ ‘ਤੇ ਕਾਬੂ ਪਾ ਲਿਆ ਗਿਆ, ਪਰ ਦੋਵੇਂ ਦੁਕਾਨਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ।

ਈਟੀਓ ਨੇ ਦੱਸਿਆ ਕਿ ਬਿਜਲੀ ਵਿਭਾਗ ਦੀ ਜਾਂਚ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਨਹੀਂ ਲੱਗੀ। ਇਸ ਉਪਰੰਤ ਪੁਲਿਸ ਨੇ ਸੀਸੀਟੀਵੀ ਫੁਟੇਜ ਖੰਗਾਲੀ, ਜਿਸ ਵਿੱਚ ਇੱਕ ਵਿਅਕਤੀ ਨੂੰ ਅੱਗ ਲਗਾਉਂਦੇ ਹੋਏ ਦੇਖਿਆ ਗਿਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਕਾਬੂ ਕਰ ਲਿਆ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਦੋਸ਼ੀ ਨੇ ਇਹ ਹਰਕਤ ਕਿਸ ਦੇ ਕਹਿਣ ‘ਤੇ ਕੀਤੀ, ਉਸ ਦਾ ਮਕਸਦ ਕੀ ਸੀ ਅਤੇ ਕੀ ਇਸ ਸਾਜ਼ਿਸ਼ ਵਿੱਚ ਹੋਰ ਲੋਕ ਵੀ ਸ਼ਾਮਲ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਜਾਂਚ ਪੂਰੀ ਨਿਰਪੱਖਤਾ ਨਾਲ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਫਿਲਹਾਲ ਪੁਲਿਸ ਸ਼ੱਕੀ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਸਮੇਤ ਹੋਰ ਸਬੂਤਾਂ ਦੇ ਆਧਾਰ ‘ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅੱਗ ਲੱਗਣ ਦੇ ਅਸਲ ਕਾਰਨਾਂ ਅਤੇ ਕਿਸੇ ਸੰਭਾਵਿਤ ਸਾਜ਼ਿਸ਼ ਬਾਰੇ ਸਪੱਸ਼ਟ ਤਸਵੀਰ ਸਾਹਮਣੇ ਆ ਸਕੇਗੀ।