ਜਲੰਧਰ | ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਅੱਜ ਜਾਰੀ ਇਕ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੇ ਕਿ ਸ੍ਰੀ ਏ.ਵੇਣੂ ਪ੍ਰਸ਼ਾਦ ਵਧੀਕ ਮੁੱਖ ਸਕੱਤਰ ਐਕਸਾਈਜ਼ ਅਤੇ ਟੈਕਟੇਸ਼ਨ ਪੰਜਾਬ ਅਤੇ ਸੀ.ਐਮ.ਡੀ. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਕੀਤੇ ਗਏ ਅਣਥੱਕ ਯਤਨਾਂ ਅਤੇ ਇੰਜ.ਡੀ.ਪੀ.ਐਸ. ਗਰੇਵਾਲ ਡਾਇਰੈਕਟਰ ਵੰਡ ਵਲੋਂ ਜਾਰੀ ਸਪਸ਼ਟ ਹਦਾਇਤਾਂ ਤਹਿਤ ਹੁਣ ਜਲੰਧਰ ਸ਼ਹਿਰ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਦੇ ਉਦਯੋਗਿਕ ਖਪਤਕਾਰਾਂ ਨੂੰ ਹੁਣ ਨਵੇਂ ਉਦਯੋਗਿਕ ਕੁਨੈਕਸ਼ਨ ਲੈਣ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ।


ਇੰਜ.ਡੀ.ਪੀ.ਐਸ.ਗਰੇਵਾਲ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਜਲੰਧਰ ਸ਼ਹਿਰ ਅਤੇ ਇਸਦੇ ਨਾਲ ਲੱਗਦੇ ਖੇਤਰਾਂ ਵਿੱਚ ਪੰਜ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ 21.34 ਕਰੋੜ ਰੁਪਏ ਖ਼ਰਚ ਕੇ ਕੁਝ 66 ਕੇ.ਵੀ. ਸਿਸਟਮ/ਟਰਾਂਸਮਿਸ਼ਨਾਂ ਦੇ ਬਕਾਇਆ ਰਹਿੰਦੇ ਕੰਮਾਂ ਨੂੰ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਉਦਯੋਗਾਂ ਦੀ ਮੰਗ ਨੂੰ ਪੂਰਾ ਕੀਤਾ ਜਾਵੇਗਾ ਉਥੇ ਦੂਜੇ ਪਾਸੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਉਦਯੋਗਾਂ ਦੁਆਰਾ ਮਾਲੀਆ ਵੀ ਇਕੱਠਾ ਹੋਵੇਗਾ।


ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਕ ਬੁਲਾਰੇ ਨੇ ਦੱਸਿਆ ਕਿ ਡਾਇਰੈਕਟਰ ਵੰਡ ਇੰਜ.ਡੀ.ਪੀ.ਐਸ ਗਰੇਵਾਲ ਵਲੋਂ ਅਗਸਤ 2020 ਵਿੱਚ ਦੌਰੇ ਦੌਰਾਨ ਉਦਯੋਗਿਕ ਐਸੋਸੀਏਸ਼ਨਾਂ ਵਲੋਂ ਟਰਾਂਸਮਿਸ਼ਨ ਦਾ ਕੰਮ ਮੁਕੰਮਲ ਨਾ ਹੋਣ ਕਰਕੇ ਪਿਛਲੇ ਦੋ ਜਾਂ ਤਿੰਨ ਸਾਲਾਂ ਤੋਂ ਉਦਯੋਗਾਂ ਨੂੰ ਕੁਨੈਕਸ਼ਨ ਜਾਰੀ ਕਰਨ ਸਬੰਧੀ ਮੁੱਦਿਆਂ ਨੂੰ ਉਠਾਇਆ ਗਿਆ , ਜੋ ਕਿ ਪਿਛਲੇ ਕੁਝ ਸਾਲਾਂ ਤੋਂ ਕੌਮੀ ਹਾਈਵੇ ਅਥਾਰਟੀ ਆਫ਼ ਇੰਡੀਆਂ ਤੋਂ ਐਨ.ਓ.ਸੀ. ਨਾਲ ਮਿਲਣ ਕਰਕੇ ਅਤੇ ਤਕਨੀਕੀ ਕਾਰਨਾਂ ਅਤੇ ਜੰਗਲਾਤ ਵਿਭਾਗ ਤੋਂ ਕਲੀਅਰੈਂਸ ਨਾ ਮਿਲਣ ਕਰਕੇ ਅਟਕੇ ਪਏ ਸਨ। ਬੁਲਾਰੇ ਨੇ ਅੱਗੇ ਦੱਸਿਆ ਕਿ ਡਾਇਰੈਕਟਰ ਵੰਡ ਵਲੋਂ ਵੱਖ ਵੱਖ ਮੁੱਦਿਆਂ ਸਬੰਧੀ ਸਹੀ ਜਾਣਕਾਰੀ ਲੈਣ ਲਈ 66 ਕੇ.ਵੀ. ਸਬ ਸਟੇਸ਼ਨ ਲਈ ਤਜਵੀਜ਼ਤ ਥਾਂ ਅਤੇ 220 ਕੇ.ਵੀ. ਕਰਤਾਰਪੁਰ ਤੋਂ 66 ਕੇ.ਵੀ. ਜਲੰਧਰ ਅਤੇ ਇਸਦੇ ਨਾਲ ਲੱਗੇ ਵੱਖ ਵੱਖ ਰੂਟਾਂ ਦਾ ਦੌਰਾ ਕੀਤਾ ਗਿਆ ਅਤੇ ਇਨਾਂ ਮਸਲਿਆਂ ਬਾਰੇ ਸੀ.ਐਮ.ਡੀ. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸ੍ਰੀ ਏ.ਵੇਣੂ ਪ੍ਰਸ਼ਾਦ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਵਲੋਂ ਕੌਮੀ ਹਾਈਵੇਅ ਅਥਾਰਟੀ ਤੋਂ ਐਨ.ਓ.ਸੀ., ਤਕਨੀਕੀ ਕਾਰਨਾਂ ਅਤੇ ਜੰਗਲਾਤ ਵਿਭਾਗ ਤੋਂ ਕਲੀਅਰੈਂਸ ਲੈਣ ਸਬੰਧੀ ਮੁੱਦਿਆਂ ਨੂੰ ਹੱਲ ਕਰਨ ਜੋ ਕਿ ਟਰਾਂਸਮਿਸ਼ਨ ਦੇ ਕੰਮ ਨੂੰ ਮੁਕੰਮਲ ਕਰਨ ਅਤੇ ਨਵੇਂ ਉਦਯੋਗਾਂ ਨੂੰ ਕੁਨੈਕਸ਼ਨ ਜਾਰੀ ਕਰਨ, ਲੋਡ ਘੱਟ ਕਰਨ ਲਈ ਕਈ ਪਹਿਲ ਕਦਮੀਆਂ ਕੀਤੀਆਂ ਗਈਆਂ ਕਿਉੀਕਿ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਹੈ। ਇੰਜ.ਗਰੇਵਾਲ ਵਲੋਂ ਟਰਾਂਸਮਿਸਨ ਅਤੇ ਵੰਡ ਟੀਮਾਂ ਦੀ ਇਨਾਂ ਕੰਮਾਂ ਨੂੰ ਸਮੇਂ ਸਿਰ ਸੁਚਾਰੂ ਢੰਗ ਨਾਲ ਮੁਕੰਮਲ ਕਰਨ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਗਈ ਅਤੇ ਇਨ੍ਹਾਂ ਕੰਮਾਂ ਦੀ ਨਿਰੰਤਰ ਦੇਖ ਰੇਖ ਵੀ ਕੀਤੀ ਗਈ।
ਇੰਜ.ਗਰੇਵਾਲ ਨੇ ਦੱਸਿਆ ਕਿ ਇਨ੍ਹਾਂ ਕੰਮਾਂ ਦੇ ਮੁਕੰਮਲ ਹੋ ਜਾਣ ਨਾਲ ਉਦਯੋਗਾਂ ਦੀ ਨਵੇਂ ਕੁਨੈਕਸ਼ਨ ਲੈਣ ਸਬੰਧੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਪੂਰੀ ਹੋ ਜਾਵੇਗੀ ਅਤੇ ਇਸ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਮਾਲੀਆ ਵੀ ਪ੍ਰਾਪਤ ਹੋਵੇਗਾ।
ਪਰਾਗਪੁਰ ਦੇ ਨਵੇਂ ਕੇ.ਵੀ.ਸਬ ਸਟੇਸ਼ਨ ਨੂੰ ਤਿਆਰ ਕਰਨ ਦੀ ਯੋਜਨਾ ਜਲੰਧਰ ਦੇ ਬੜਿੰਗ ਵਿਖੇ 66 ਕੇ.ਵੀ. ਸਬ ਸਟੇਸ਼ਨ ਨੂੰ ਰਾਹਤ ਪਹੁੰਚਾਉਣ ਲਈ ਬਣਾਈ ਗਈ ਹੈ। ਇਹ ਕੰਮ ਸਾਲ 2015-16 ਵਿੱਚ ਸ਼ੁਰੂ ਕੀਤਾ ਗਿਆ ਸੀ ਪਰ ਫੀਡਿੰਗ ਲਾਈਨ ਅਤੇ ਇਸ ਲਾਈਨ ਦੇ ਨਿਰਮਾਣ ਵਿੱਚ ਦਿੱਕਤ ਆਉਣ ਕਰਕੇ ਇਸ ਨੂੰ ਨਿਰਧਾਰਿਤ ਸਮੇਂ ਸਿਰ ਮੁਕੰਮਲ ਨਹੀਂ ਕੀਤਾ ਜਾ ਸਕਿਆ। ਜ਼ਮੀਨਦੋਜ 1.4 ਕਿਲੋਮੀਟਰ ਕੇਬਲ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਪਰ ਇਹ ਕੰਮ ਫਿਰ ਕੌਮੀ ਹਾਈਵੇਅ ਅਥਾਰਟੀ ਵਲੋਂ ਕਲੀਅਰੈਂਸ ਨਾ ਮਿਲਣ ਕਰਕੇ ਅਟਕ ਗਿਆ।
ਸੀ.ਐਮ.ਡੀ. ਅਤੇ ਡਾਇਰੈਕਟਰ ਵੰਡ ਵਲੋਂ ਦਿੱਤੀ ਗਈ ਨਿੱਜੀ ਤਵੱਜੋਂ ਤੋਂ ਬਾਅਦ ਬਹੁਤ ਸਾਰੇ ਮਸਲਿਆਂ ਦਾ ਹੱਲ ਹੋਣ ਉਪਰੰਤ 22 ਦਸੰਬਰ 2020 ਨੂੰ 4.65 ਕਰੋੜ ਰੁਪਏ ਦੀ ਲਾਗਤ ਨਾਲ ਇਕ ਨਵਾਂ 66 ਕੇ.ਵੀ. ਸਬ ਸਟੇਸ਼ਨ 20 ਐਮ.ਵੀ.ਏ. 66/11 ਕੇ.ਵੀ. ਬਣਾਇਆ ਗਿਆ ਜਿਸ ਨਾਲ 66 ਕੇ.ਵੀ. ਸਬ ਸਟੇਸ਼ਨ ਬੜਿੰਗਾ ਵਲੋਂ ਬਿਜਲੀ ਪ੍ਰਾਪਤ ਕਰ ਰਹੇ ਖਪਤਕਾਰਾਂ ਨੂੰ ਲਾਭ ਮਿਲੇਗਾ। ਇਸੇ ਤਰਾਂ ਕੁੱਕੜ ਪਿੰਡ (ਏ.ਪੀ. ਫੀਡਰ) ਅਤੇ ਸਫੀ (ਯੂ.ਪੀ.ਐਸ. ਫੀਡਰ) ਨਾਲ ਜੋੜਿਆ ਜਾਵੇਗਾ ਜਿਸ ਨਾਲ ਇਨਾਂ ਖੇਤਰਾਂ ਨੂੰ ਨਿਰਵਿਘਨ ਬਿਜਲੀ ਮਿਲ ਸਕੇਗੀ।


66 ਕੇ.ਵੀ. ਬੜਿੰਗ ਮੇਨ ਲਾਈਨ ਨੂੰ 220 ਕੇ.ਵੀ ਸਬ ਸਟੇਸ਼ਨ ਕਰਤਾਰਪੁਰ ਤੋਂ 66 ਕੇ.ਵੀ.ਜਲੰਧਰ ਨਾਲ ਜੋੜਿਆ ਜਾਵੇਗਾ। ਇਸੇ ਤਰ੍ਹਾਂ 66 ਕੇ.ਵੀ. ਲਾਈਨ ਨੂੰ 220 ਕੇ.ਵੀ. ਸਬ ਸਟੇਸ਼ਨ ਕਰਤਾਰਪੁਰ ਤੋਂ 66 ਕੇ.ਵੀ. ਰਿੰਗ ਮੇਨ ਨੂੰ 66 ਕੇ.ਵੀ. ਫੋਕਲ ਪੁਆਇੰਟ ਅਤੇ 66 ਕੇ.ਵੀ. ਮਕਸੂਦਾਂ ਨਾਲ ਸਾਲ 2014 ਵਿੱਚ ਜੋੜਨ ਦੀ ਯੋਜਨਾ ਸੀ ਪਰ ਕੁਝ ਦਿਕੱਤਾਂ ਕਰਕੇ ਇਹ ਕੰਮ ਇਨਾਂ ਸਾਲਾਂ ਵਿੱਚ ਮੁਕੰਮਲ ਨਹੀਂ ਕੀਤਾ ਜਾ ਸਕਿਆ। ਇਸ ਕੰਮ ਤਹਿਤ 8 ਕਿਲੋਮੀਟਰ ਲਾਈਟ ਟਾਵਰ ਅਤੇ 2 ਕਿਲੋਮੀਟਰ ਜਮੀਨਦੋਜ ਕੇਬਲ ਪਾਉਣ ਦੀ ਯੋਜਨਾ ਸੀ ਅਤੇ ਇਸ ਸਾਰੇ ਪ੍ਰੋਜੈਕਟ ’ਤੇ 16.69 ਕਰੋੜ ਰੁਪਏ ਖ਼ਰਚ ਆਉਣ ਦਾ ਅਨੁਮਾਨ ਸੀ। ਇਸ ਤਰ੍ਹਾਂ ਵੱਖ ਵੱਖ ਮੁਸ਼ਕਿਲਾਂ ਅਤੇ ਜੰਗਲਾਤ ਵਿਭਾਗ ਵਲੋਂ ਕਲੀਅਰੈਂਸ ਨਾ ਮਿਲਣ ਕਰਕੇ ਇਸ ਲਾਈਨ ਦੇ ਨਿਰਮਾਣ ਦਾ ਕੰਮ ਵਿਚਾਲੇ ਹੀ ਅਟਕ ਗਿਆ।


ਹੁਣ ਸੀ.ਐਮ.ਡੀ./ਡਾਹਿਰੈਕਟਰ ਵੰਡ ਵਲੋਂ ਨਿੱਜੀ ਤਵੱਜੋਂ ਦੇਣ ਉਪਰੰਤ ਅਤੇ ਜ਼ਿਲ੍ਹਾ ਪੱਧਰ ਤੇ ਜੰਗਲਾਤ ਵਿਭਾਗ ਨਾਲ ਵੱਖ-ਵੱਖ ਮੁੱਦਿਆਂ ਦਾ ਹੱਲ ਹੋਣ ਬਾਅਦ 8 ਜਨਵਰੀ 2021 ਨੂੰ ਲਾਈਨ ਨੂੰ ਸ਼ੁਰੂ ਕੀਤਾ ਗਿਆ। ਇਸ ਲਾਈਨ ਦੇ ਸ਼ੁਰੂ ਹੋਣ ਨਾਲ 66 ਕੇ.ਵੀ.ਟਾਂਡਾ ਰੋਡ ਸਬ ਸਟੇਸ਼ਨ ਅਤੇ 66 ਕੇ.ਵੀ ਸਬ ਸਟੇਸ਼ਨ ਫੋਕਲ ਪੁਆਇੰਟ-2 ਨੂੰ 220 ਕੇਵੀ. ਸਬ ਸਟੇਸ਼ਨ ਕਰਤਾਰਪੁਰ ਦੀ ਬਜਾਏ 220 ਕੇ.ਵੀ. ਸਬ ਸਟੇਸ਼ਨ ਬੀ.ਬੀ.ਐਮ.ਬੀ. ਜਲੰਧਰ ਤੋਂ ਫੀਡ ਕੀਤਾ ਜਾਵੇਗਾ , ਇਸ ਤਰ੍ਹਾਂ 66 ਕੇ.ਵੀ. ਟਾਂਡਾ ਰੋਡ ਨੂੰ ਓਵਰ ਲੋਡ ਤੋਂ ਰਾਹਤ ਮਿਲੇਗੀ। ਟਾਂਡਾਂ ਰੋਡ ਅਤੇ ਫੋਕਲ ਪੁਆਇੰਟ ਦੇ ਉਦਯੋਗਾਂਨੂੰ ਇਸ ਪ੍ਰੋਜੈਕਟ ਨਾਲ ਮਿਆਰੀ ਬਿਜਲੀ ਸਪਲਾਈ ਦੀ ਸਹੂਲਤ ਮਿਲੇਗੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਸਾਲ 2019-20 ਵਿੱਚ ਨਵੇਂ 66 ਕੇ.ਵੀ. ਸਬ ਸਟੇਸ਼ਨ ਫੋਕਲ ਪੁਆਇੰਟ-2ਏ ਅਤੇ ਨਵੇਂ 66 ਕੇ.ਵੀ ਸਬ ਸਟੇਸ਼ਨ ਫੋਕਲ ਪੁਆਇੰਟ-2 ਦੀ ਯੋਜਨਾ ਬਣਾਈ ਗਈ ਸੀ।


ਇਸ ਸਬ ਸਟੇਸਨ 66 ਕੇ.ਵੀ. ਸਬ ਸਟੇਸ਼ਨ ਫੋਕਲ ਪੁਆਇੰਟ ਤੋਂ ਇਲਾਵਾ ਸੀ ਜੋ ਕਿ ਓਵਰ ਲੋਡਿਡ ਸੀ। ਕੁਝ ਤਕਨੀਕੀ ਕਾਰਨਾਂ ਕਰਕੇ ਇਸ ਗਰਿੱਡ ਦੇ ਕੰਮ ਵਿੱਚ ਦੇਰੀ ਹੋਈ ਸੀ। ਹੁਣ ਇਸ ਸਬੰਧੀ ਤਕਨੀਕੀ ਮਸਲੇ ਸੁਲਝਾ ਲਏ ਗਏ ਹਨ ਤੇ ਇਸ ਲਾਈਨ/ਸਬ ਸਟੇਸ਼ਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਦੋ ਨੰਬਰ 66/11 ਕੇ.ਵੀ. ਪਾਵਰ ਟਰਾਂਸਫਾਰਮਰ ਜੋ ਕਿ 25/31.5 ਐਮ.ਵੀ.ਏ. ਅਤੇ 20 ਐਮ.ਡੀ.ਏ. ਦੀ ਸਮਰੱਥਾ ਵਾਲਾ ਹੈ ਇਸ ਸਬ ਸਟੇਸ਼ਨ ਵਿਖੇ ਲਗਾਉਣ ਦੀ ਯੋਜਨਾ ਹੈ ਜੋ ਕਿ ਅਗਲੇ ਦੋ-ਤਿੰਨ ਮਹੀਨਿਆਂ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ ਜੋ ਅਗੋਂ ਫੋਕਲ ਪੁਆਇੰਟ ਸਬ ਸਟੇਸ਼ਨ ਨੂੰ ਰਾਹਤ ਦੇਵੇਗਾ ਅਤੇ ਇਸ ਖੇਤਰ ਦੇ ਬਿਜਲੀ ਉਪਭੋਗਤਾਵਾਂ ਨੂੰ ਮਿਆਰੀ ਬਿਜਲੀ ਸਪਲਾਈ ਨੂੰ ਯਕੀਨੀ ਬਣਾਏਗਾ।