ਮਧੁਬਨੀ (ਬਿਹਾਰ), 24 ਅਪ੍ਰੈਲ | ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਮਧੁਬਨੀ ਜ਼ਿਲ੍ਹੇ ਵਿੱਚ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਮੌਕੇ ‘ਤੇ ਆਯੋਜਿਤ ਇੱਕ ਵੱਡੇ ਕਾਰਜਕ੍ਰਮ ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਰਾਜ ਨੂੰ ₹13,480 ਕਰੋੜ ਤੋਂ ਵੱਧ ਦੀ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ ਅਤੇ ਪਹਲਗਾਮ ਆਤੰਕੀ ਹਮਲੇ ‘ਚ ਜਾਨ ਗੁਆ ਚੁੱਕੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਆਪਣੀ ਗੱਲ ਦੀ ਸ਼ੁਰੂਆਤ ਮੋਦੀ ਨੇ ਮੌਨ ਰੱਖ ਕੇ ਕੀਤੀ। ਉਨ੍ਹਾਂ ਨੇ ਕਿਹਾ, “ਤੁਸੀਂ ਜਿਥੇ ਵੀ ਹੋ, ਉਥੇ ਹੀ ਬੈਠ ਕੇ 22 ਅਪ੍ਰੈਲ ਨੂੰ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਪਿਆਰੇ ਖੋਏ ਹਨ, ਉਹਨਾਂ ਦੀ ਯਾਦ ਵਿਚ ਕੁਝ ਪਲ ਮੌਨ ਰੱਖੋ।” ਇਸ ਤੋਂ ਬਾਅਦ ਉਨ੍ਹਾਂ ਨੇ ਆਤੰਕਵਾਦ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ, “ਅੱਜ ਬਿਹਾਰ ਦੀ ਧਰਤੀ ਤੋਂ ਮੈਂ ਸਾਰੀ ਦੁਨੀਆ ਨੂੰ ਕਹਿਣਾ ਚਾਹੁੰਦਾ ਹਾਂ – ਭਾਰਤ ਹਰ ਇਕ ਆਤੰਕੀ ਅਤੇ ਉਸਦੇ ਸਰਪ੍ਰਸਤ ਦੀ ਪਛਾਣ ਕਰੇਗਾ, ਉਹਨਾਂ ਦਾ ਪਿੱਛਾ ਕਰੇਗਾ ਅਤੇ ਉਹਨਾਂ ਨੂੰ ਸਜ਼ਾ ਦਿਲਾ ਕੇ ਹੀ ਛੱਡੇਗਾ।”

ਉਨ੍ਹਾਂ ਕਿਹਾ ਕਿ ਭਾਰਤ ਦੀ ਆਤਮਾ ਨੂੰ ਆਤੰਕਵਾਦ ਕਦੇ ਵੀ ਨਹੀਂ ਤੋੜ ਸਕਦਾ। ਹੁਣ ਆਤੰਕਵਾਦ ਨੂੰ ਬਖ਼ਸ਼ਿਆ ਨਹੀਂ ਜਾਵੇਗਾ। “ਅਸੀਂ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਨਿਆਂ ਮਿਲੇ। ਪੂਰਾ ਦੇਸ਼ ਇਸ ਸੰਕਲਪ ਵਿਚ ਇਕਜੁੱਟ ਹੈ। ਮੈਂ ਉਹਨਾਂ ਸਾਰਿਆਂ ਦੇਸ਼ਾਂ ਅਤੇ ਨੇਤਾਵਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਔਖੇ ਸਮੇਂ ਵਿਚ ਭਾਰਤ ਦਾ ਸਾਥ ਦਿੱਤਾ।”

ਪ੍ਰਧਾਨ ਮੰਤਰੀ ਨੇ ਪਹਲਗਾਮ ਹਮਲੇ ਨੂੰ ਲੈ ਕੇ ਦੇਸ਼ ਦੀ ਏਕਤਾ ਅਤੇ ਗੁੱਸੇ ਨੂੰ ਵੀ ਜਤਾਇਆ। ਉਨ੍ਹਾਂ ਕਿਹਾ, “ਕਿਸੇ ਨੇ ਆਪਣਾ ਪੁੱਤਰ ਗਵਾਇਆ, ਕਿਸੇ ਨੇ ਭਰਾ, ਤੇ ਕਿਸੇ ਨੇ ਜੀਵਨ ਸਾਥੀ। ਕੋਈ ਬੰਗਾਲੀ ਬੋਲਦਾ ਸੀ, ਕੋਈ ਕੰਨੜ, ਕੋਈ ਮਰਾਠੀ, ਕੋਈ ਓਡੀਆ, ਕੋਈ ਗੁਜਰਾਤੀ, ਤੇ ਕੋਈ ਇੱਥੋਂ ਬਿਹਾਰ ਦਾ ਲਾਲ ਸੀ। ਪਰ ਕਾਰਗਿਲ ਤੋਂ ਕੰਨਿਆਕੁਮਾਰੀ ਤਕ ਸਾਡਾ ਦਰਦ ਇੱਕੋ ਜਿਹਾ ਹੈ, ਸਾਡਾ ਗੁੱਸਾ ਇੱਕੋ ਜਿਹਾ ਹੈ।”

ਪ੍ਰਧਾਨ ਮੰਤਰੀ ਨੇ ਸਾਫ਼ ਸ਼ਬਦਾਂ ‘ਚ ਕਿਹਾ ਕਿ ਇਹ ਹਮਲਾ ਸਿਰਫ ਨਿਹੱਥੇ ਯਾਤਰੀਆਂ ‘ਤੇ ਨਹੀਂ ਹੋਇਆ, ਸਗੋਂ ਭਾਰਤ ਦੀ ਆਸਥਾ ‘ਤੇ ਹਮਲਾ ਕਰਨ ਦੀ ਹਿੰਮਤ ਕੀਤੀ ਗਈ ਹੈ। “ਹੁਣ ਸਮਾਂ ਆ ਗਿਆ ਹੈ ਕਿ ਆਤੰਕੀਆਂ ਦੀ ਬਚੀ-ਕੁਚੀ ਜ਼ਮੀਨ ਨੂੰ ਵੀ ਮਿੱਟੀ ‘ਚ ਮਿਲਾ ਦਿੱਤਾ ਜਾਵੇ। ਜਿਨ੍ਹਾਂ ਨੇ ਇਹ ਹਮਲਾ ਕੀਤਾ ਅਤੇ ਜਿਨ੍ਹਾਂ ਨੇ ਇਸ ਦੀ ਸਾਜ਼ਿਸ਼ ਰਚੀ, ਉਹਨਾਂ ਨੂੰ ਉਹਨਾਂ ਦੀ ਸੋਚ ਤੋਂ ਵੀ ਵਧੀਕ ਸਜ਼ਾ ਦਿੱਤੀ ਜਾਵੇਗੀ।”

ਪ੍ਰਧਾਨ ਮੰਤਰੀ ਦਾ ਇਹ ਭਾਸ਼ਣ ਭਾਰਤ ਦੀ ਆਤੰਕਵਾਦ ਖਿਲਾਫ਼ ਸਖ਼ਤ ਨੀਤੀ ਅਤੇ ਪੂਰੇ ਦੇਸ਼ ਦੀ ਏਕਤਾ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ ਹੈ।