ਨਵਾਂਸ਼ਹਿਰ, 11 ਅਕਤੂਬਰ। ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਵਾਂਸ਼ਹਿਰ ਦੇ ਬੰਗਾ ਦੇ ਗੜ੍ਹਸ਼ੰਕਰ ਚੌਕ ਨੇੜੇ ਰੋਡਵੇਜ਼ ਦੀ ਬੱਸ ਨੇ 4 ਵਿਅਕਤੀਆਂ ਨੂੰ ਕੁਚਲ ਦਿੱਤਾ। ਚਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਰੋਡਵੇਜ਼ ਦੀ ਇਹ ਬੱਸ ਜਲੰਧਰ ਤੋਂ ਚੰਡੀਗੜ੍ਹ ਜਾ ਰਹੀ ਸੀ। ਡਰਾਈਵਰ ਨੂੰ ਹਾਰਟ ਅਟੈਕ ਆਉਣ ਕਾਰਨ ਬਾਜ਼ਾਰ ‘ਚ ਖੜ੍ਹੇ ਲੋਕਾਂ ‘ਤੇ ਬੱਸ ਚੜ੍ਹ ਗਈ।

ਮੁੱਖ ਮਾਰਗ ’ਤੇ ਕਸਬਾ ਬੰਗਾ ਵਿਖੇ ਪੰਜਾਬ ਰੋਡਵੇਜ਼ ਅੰਮ੍ਰਿਤਸਰ ਡਿਪੂ ਦੀ ਬੱਸ ਜੋ ਕਿ ਜਲੰਧਰ ਤੋਂ ਚੰਡੀਗੜ੍ਹ 43 ਸੈਕਟਰ ਜਾ ਰਹੀ ਸੀ, ਉਸ ਦੇ ਬੱਸ ਚਾਲਕ ਜਸਪਾਲ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਚੀਮਾ ਕਲਾਂ (ਅੰਮ੍ਰਿਤਸਰ) ਨੂੰ ਅਚਾਨਕ ਹਾਰਟ ਅਟੈਕ ਆਉਣ ਕਾਰਨ ਬੇਕਾਬੂ ਹੋ ਗਈ ਤੇ ਬੱਸ ਨੇ ਰੇਹੜੀਆਂ, ਦੁਕਾਨਾਂ ਦੀਆਂ ਸ਼ੈੱਡਾਂ, ਸੜਕ ਕਿਨਾਰੇ ਖੜ੍ਹੇ ਵਾਹਨਾਂ ਨੂੰ ਟੱਕਰ ਮਾਰਦੇ ਹੋਏ ਸਿੱਖ ਨੈਸ਼ਨਲ ਕਾਲਜ ਬੰਗਾ ਦੀਆਂ 2 ਵਿਦਿਆਰਥਣਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ।

ਦੱਸ ਦਈਏ ਕਿ ਇਸ ਹਾਦਸੇ ਵਿਚ ਵਿਦਿਆਰਥਣ ਹਰਸ਼ਦੀਪ ਕੌਰ (21) ਪੁੱਤਰੀ ਜਰਨੈਲ ਸਿੰਘ ਵਾਸੀ ਪੱਲੀ ਝਿੱਕੀ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਦੂਜੀ ਵਿਦਿਆਰਥਣ ਗਗਨਦੀਪ ਕੌਰ (22) ਪੁੱਤਰੀ ਮਨਮੋਹਨ ਸਿੰਘ ਵਾਸੀ ਸੂਰਾਪੁਰ, ਸਮੇਤ ਸੁਰਜੀਤ ਕੌਰ ਵਾਸੀ ਭੂਤਾਂ, ਹਰਮਨ ਵਾਸੀ ਬੰਗਾ, ਰਾਜ ਕੁਮਾਰ ਵਾਸੀ ਬੰਗਾ, ਮਨਜੋਤ ਸਿੰਘ ਵਾਸੀ ਪਠਲਾਵਾ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬੰਗਾ ਵਿਖੇ ਦਾਖਲ ਕਰਵਾਇਆ ਗਿਆ ਹੈ।