ਨਵਾਂਸ਼ਹਿਰ| ਬਲਾਚੌਰ-ਨਵਾਂਸ਼ਹਿਰ ਨੈਸ਼ਨਲ ਹਾਈਵੇਅ ਨੇੜੇ ਪੰਜਾਬ ਹਵੇਲੀ ਦੇ ਸਾਹਮਣੇ ਦਰਦਨਾਕ ਹਾਦਸਾ ਵਾਪਰਿਆ। ਸਕੂਟੀ ਸਵਾਰ ਦੋ ਔਰਤਾਂ ਨੂੰ ਕਾਰ ਚਾਲਕ ਨੇ ਟੱਕਰ ਮਾਰ ਦਿਤੀ, ਜਿਸ ਵਿਚ ਦੋ ਔਰਤਾਂ ਜ਼ਖ਼ਮੀ ਹੋ ਗਈਆਂ। ਇਕ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਦੂਜੀ ਗੰਭੀਰ ਜ਼ਖ਼ਮੀ ਹੈ। ਬਲਾਚੌਰ ਪੁਲਿਸ ਨੇ ਕਾਰ ਚਾਲਕ ਵਿਰੁੱਧ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਜਾਣਕਾਰੀ ਅਨੁਸਾਰ ਦੋ ਔਰਤਾਂ ਅਪਣੇ ਰਿਸ਼ਤੇਦਾਰਾਂ ਕੋਲ ਗਈਆਂ ਸਨ ਜੋ ਪਿੰਡ ਤਾਜੋਵਾਲ ਤੋਂ ਨਵਾਂਸ਼ਹਿਰ ਦੇ ਰਸਤੇ ਅਪਣੇ ਪਿੰਡ ਸ਼ਾਹਬਾਜ਼ਪੁਰ ਵਾਪਸ ਆ ਰਹੀਆਂ ਸਨ। ਜਦੋਂ ਇਹ ਔਰਤਾਂ ਆਪਣੇ ਸਕੂਟਰ ਨੰਬਰ ਪੀ.ਬੀ.-32-ਡਬਲਯੂ-2815 ‘ਤੇ ਉਕਤ ਸਥਾਨ ਪੰਜਾਬ ਹਵੇਲੀ ਬਲਾਚੌਰ ਦੇ ਸਾਹਮਣੇ ਪਹੁੰਚੀਆਂ ਤਾਂ ਉਨ੍ਹਾਂ ਦੇ ਪਿੱਛੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਆਲਟੋ ਕਾਰ ਨੰਬਰ ਪੀਬੀ 08 ਡੀਐਫ 5443 ਨੇ ਪਿੱਛੇ ਤੋਂ ਟੱਕਰ ਮਾਰ ਦਿਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਟੀ ਦੇ ਪਰਖੱਚੇ ਉੱਡ ਗਏ ਅਤੇ ਕਾਫੀ ਦੂਰ ਜਾ ਕੇ ਨਹਿਰ ਦੀ ਰੇਲਿੰਗ ਨਾਲ ਟਕਰਾ ਗਈ।

ਗੰਭੀਰ ਜ਼ਖ਼ਮੀ ਹੋਣ ਕਾਰਨ ਜ਼ਖ਼ਮੀ ਔਰਤ ਨੂੰ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਲਈ ਰੈਫ਼ਰ ਕਰ ਦਿਤਾ ਗਿਆ, ਜਿਥੇ ਰਛਪਾਲ ਕੌਰ ਪਤਨੀ ਰੇਸ਼ਮ ਲਾਲ ਉਮਰ 47 ਸਾਲ ਵਾਸੀ ਪਿੰਡ ਨਵਾਂਸ਼ਹਿਰ ਦੀ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਉਸ ਦੀ ਭਰਜਾਈ ਕੁਲਵਿੰਦਰ ਕੌਰ ਪਤਨੀ ਜਸਬੀਰ ਸਿੰਘ ਉਮਰ 50 ਸਾਲ ਵਾਸੀ ਸ਼ਾਹਬਾਜ਼ਪੁਰ ਗੰਭੀਰ ਜ਼ਖ਼ਮੀ ਦੱਸੀ ਜਾ ਰਹੀ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਕਾਰ ਚਾਲਕ ਕਪੂਰਥਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।


ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਮੁਖੀ ਜਤਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਹਾਦਸੇ ਦੀ ਜਾਣਕਾਰੀ ਮਿਲਦਿਆਂ ਉਨ੍ਹਾਂ ਨੇ ਮੌਕੇ ‘ਤੇ ਦੋਵੇਂ ਵਾਹਨਾਂ ਨੂੰ ਕਬਜ਼ੇ ‘ਚ ਲੈ ਲਿਆ ਅਤੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਕਾਰ ਦੀ ਤੇਜ਼ ਰਫ਼ਤਾਰ ਕਾਰਨ ਬ੍ਰੇਕ ਨਹੀਂ ਲੱਗੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਔਰਤ ਦੇ ਪ੍ਰਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਕੇ ਪੁਲਿਸ ਵਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। 

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ