ਹਿਸਾਰ/ਚੰਡੀਗੜ੍ਹ | ਇਹ ਸਭ ਜਾਣਦੇ ਹਨ ਕਿ ਹਨੀਪ੍ਰੀਤ ਰਾਮ ਰਹੀਮ ਦੇ ਬੇਹੱਦ ਨੇੜੇ ਹੈ। ਉਸ ਨੂੰ ਰਾਮ ਰਹੀਮ ਰੂਹਾਨੀ ਧੀ ਬਣਾ ਚੁੱਕਾ ਹੈ ਅਤੇ ਸਮਾਜ ਵਿਚ ਇਸ ਰਿਸ਼ਤੇ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਉਂਦੀਆਂ ਰਹਿੰਦੀਆਂ ਹਨ। ਰਾਮ ਰਹੀਮ ਦਾ ਪੂਰ ਪਰਿਵਾਰ ਹੁਣ ਵਿਦੇਸ਼ ਵਿਚ ਸੈਟਲ ਹੋ ਗਿਆ ਹੈ । ਰਾਮ ਰਹੀਮ ਦੀਆਂ ਦੋਵੇਂ ਬੇਟੀਆਂ ਅਮਰਪ੍ਰੀਤ ਤੇ ਚਰਨਪ੍ਰੀਤ ਕੌਰ ਤੇ ਬੇਟਾ ਜਸਮੀਤ ਪਰਿਵਾਰ ਸਣੇ ਲੰਦਨ ਜਾ ਕੇ ਵਸ ਗਏ ਹਨ। ਹਾਲਾਂਕਿ ਡੇਰਾ ਪ੍ਰਮੁੱਖ ਦੀ ਪਤਨੀ ਤੇ ਉਸ ਦੀ ਮਾਂ ਭਾਰਤ ਵਿਚ ਹੀ ਰਹਿਣਗੀਆਂ।
ਰਾਮ ਰਹੀਮ ਦੀਆਂ ਦੋਵੇਂ ਬੇਟੀਆਂ ਅਮਰਪ੍ਰੀਤ ਤੇ ਚਰਨਪ੍ਰੀਤ ਪਹਿਲਾਂ ਹੀ ਲੰਦਨ ਚਲੀਆਂ ਗਈਆਂ ਸਨ, ਹੁਣ ਬੇਟਾ ਜਸਮੀਤ ਵੀ 26 ਸਤੰਬਰ ਨੂੰ ਪਰਿਵਾਰ ਸਣੇ ਲੰਦਨ ਚਲਾ ਗਿਆ ਹੈ ਤਾਂ ਹਨੀਪ੍ਰੀਤ ਦੀ ਡੇਰੇ ‘ਤੇ ਏਕਾਧਿਕਾਰ ਹੋਣ ਦੀ ਗੱਲ ਸਾਹਮਣੇ ਆਈ। ਹਾਲਾਂਕਿ ਡੇਰੇ ਨੇ ਇਸ ਗੱਲ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਰਾਮ ਰਹੀਮ ਹੀ ਡੇਰਾ ਦੇ ਮੁਖੀ ਹਨ ਪਰ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਰਿਹਾ।

ਹੁਣ ਇਕ ਹੋਰ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਰਾਮ ਰਹੀਮ ਦੀ ਫੈਮਿਲੀ ਆਈਡੀ ‘ਚ ਪਤਨੀ ਤੇ ਮਾਂ, ਪਿਤਾ ਦਾ ਨਾਂ ਨਹੀਂ, ਸਗੋਂ ਉਸ ਵਿਚ ਹਨੀਪ੍ਰੀਤ ਨੂੰ ਬੇਟੀ ਦੱਸ ਕੇ ਨਾਮ ਜੁੜਵਾਇਆ ਗਿਆ ਹੈ। ਪਰਿਵਾਰਕ ID ‘ਚ ਸੋਧ ਇਸ ਸਾਲ ਦੇ ਜੁਲਾਈ ਮਹੀਨੇ ਦੀ ਦਿਖਾਈ ਗਈ ਹੈ। ਇਸ ਆਈ.ਡੀ. ਦੇ ਜਨਤਕ ਹੋਣ ਨਾਲ ਰਾਮ ਰਹੀਮ ਤੇ ਪਰਿਵਾਰ ਵਿਚਾਲੇ ਵਧਦੀ ਦੂਰੀ ਦਾ ਕਾਰਨ ਵੀ ਇਕ ਤਰ੍ਹਾਂ ਨਾਲ ਸਪੱਸ਼ਟ ਹੋ ਗਿਆ ਹੈ।