-ਨਿੰਦਰ ਘੁਗਿਆਣਵੀ
ਮਿੱਤਰਾ, ਮੂਧੜੇ-ਮੂੰਹ
ਪਈ ਤੇਰੀ ਕਿਤਾਬ ਵੱਲ ਝਾਕਦਾ ਹਾਂ, ਤਾਂ ਕਿਤਾਬ ਪਿੱਛੇ ਛਪੀ ਤੇਰੀ ਫੋਟੂ ਮੈਨੂੰ ਘੂਰਨ ਲਗਦੀ
ਹੈ। ਕਿਤਾਬ ਨੂੰ ਸਿੱਧੀ ਕਰ ਦੇਂਦਾ ਹਾਂ, ਤਾਂ ਸਰਵਰਕ
ਅੱਖਾਂ ਕੱਢਣ ਲਗਦਾ ਹੈ। ਤੇਰੇ ਵੱਲੋਂ ਮੋਹ ਭਿੱਜੇ ਸ਼ਬਦ ਲਿਖ ਕੇ ਭੇਟਾ ਕੀਤੀ ਕਿਤਾਬ ਦਾ ਮੂਹਰਲਾ
ਅਧ-ਕੋਰਾ ਸਫਾ ਕਈ ਵਾਰੀ ਬਚਿਆ ਹੈ ਫਟਣ ਤੋਂ! ਤੇਰੀ ਕਿਤਾਬ ਨੂੰ ਕਮਰੇ ਵਿਚੋਂ ਬਾਹਰ ਨਹੀਂ ਕੱਢ
ਸਕਦਾ ਕਿਸੇ ਅਲਮਾਰੀ ਵਿਚ ਲੁਕੋ ਸਕਦਾ ਹਾਂ। ਇਹ ਕਿਤਾਬ ਪਹਿਲੋ-ਪਹਿਲ ਬਹੁਤ ਪਿਆਰੀ-ਪਿਆਰੀ ਲੱਗੀ
ਸੀ ਪਰ ਹੁਣ ਦੁਪਿਆਰੀ-ਦੁਪਿਆਰੀ ਜਿਹੀ ਲੱਗਣ ਲੱਗੀ ਹੈ, ਤਦੇ ਹੀ
ਘੂਰ-ਘੂਰ ਕੇ ਝਾਕਦੀ ਹੈ ਮੈਨੂੰ! ਤੂੰ ਕਾਹਦਾ ਲੜਿਆ ਤੇ ਵੈਰੀ ਬਣ ਖੜ੍ਹਿਆ ਕਿ ਹੁਣ ਤੇਰੀਆਂ
ਲਿਖਤਾਂ ਡੰਗ ਮਾਰਦੀਆਂ ਨੇ ਫ਼ਨੀਅਰ ਬਣ ਕੇ।
“””
ਕੋਈ ਲੇਖਕ ਤੁਹਾਨੂੰ ਭੈੜਾ ਲੱਗਣ ਲਗ ਜਾਵੇ ਤਾਂ ਉਹਦੀਆਂ ਲਿਖਤਾਂ ਵੀ ਚੁਭਣ
ਲੱਗਦੀਆਂ ਨੇ! ਇਹ ਸਵਾਲ ਤੁਹਾਨੂੰ ਪੁਛਦਾ ਹਾਂ। ਜੇ ਤੁਸੀਂ ਮੈਨੂੰ ਪੁੱਛੋ ਤਾਂ ਮੈਂ ਇਹੀ ਕਹਾਂਗਾ
ਕਿ ਮੈਨੂੰ ਤਾਂ ਅਜਿਹੇ ਲੇਖਕ ਦੀ ਰਚਨਾ ਤੋਂ ਵੀ ਕੋਫ਼ਤ ਜਿਹੀ ਹੋਣ ਲਗਦੀ ਹੈ। ਕੋਈ ਸੰਗੀਤਕਾਰ, ਚਾਹੇ ਕਿਤਨਾ
ਵੀ ਸੁਰੀਲਾ ਸਾਜ਼ ਵਜਾ ਰਿਹਾ ਹੋਵੇ, ਜਾਂ ਮਧੁਰ ਕੰਠ ਵਾਲਾ ਕੋਈ ਗਵੱਈਆ ਮਸਤੀ ਵਿਚ ਗਾ ਰਿਹਾ
ਹੋਵੇ, ਜੇ ਉਹਦੀ
ਸਖਸੀਅਤ ਤੁਹਾਨੂੰ ਨਾ ਭਾਵੇ, ਤਾਂ ਉਹਦਾ ਸੰਗੀਤ ਜਾਂ ਗਾਇਨ ਵੀ ਆਕਰਿਸ਼ਤ ਨਹੀਂ ਕਰਦਾ। ਹੋ
ਸਕਦੈ ਅਜਿਹੀ ਘਾਟ ਮੇਰੇ ਵਿਚ ਹੀ ਹੋਵੇ, ਹਰ ਕਿਸੇ ਸ੍ਰੋਤੇ-ਪਾਠਕ ਵਿਚ ਨਾ ਹੋਵੇ। ਸਾਡਾ ਉੱਘਾ ਲੇਖਕ
ਗੁਰਬਚਨ ਸਿੰਘ ਭੁੱਲਰ ਆਖਦਾ ਹੈ ਕਿ ਕਹਾਣੀਕਾਰ ਨੂੰ ਨਾ ਮਿਲੋ, ਉਹਦੀ ਕਹਾਣੀ
ਨੂੰ ਪੜ੍ਹੋ। ਆਪਣੇ ਉਸਤਾਦਾਂ ਜਿਹੇ ਭੁੱਲਰ ਸਾਹਬ ਨਾਲ ਮੁਤਫ਼ਿਕ ਨਹੀਂ ਹਾਂ ਮੈਂ। ਅਸੀਂ ਕਿਸੇ ਵੀ
ਫ਼ਨਕਾਰ ਦੀ ਸਖਸ਼ੀਅਤ ਨੂੰ ਉਹਦੀ ਕਲਾ ਨਾਲੋਂ ਨਿਖੇੜ ਕੇ ਨਹੀਂ ਦੇਖ ਸਕਦੇ। ਕਲਾਕਾਰ ਦੀ ਸਮੁੱਚੀ
ਹਸਤੀ ਦਾ ਪ੍ਰਛਾਵਾਂ ਜੇ ਉਸਦੀ ਕਲਾ ‘ਤੇ ਸਾਵੇਂ ਦਾ ਸਾਵਾਂ ਨਹੀਂ ਪੈਂਦਾ ਤਾਂ ਅੱਧ-ਪਚੱਧਾਂ ਤਾਂ ਪੈਂਦਾ ਸਮਝੋ ਹੀ। ਵੈਨਗਾਗ ਨੇ ਆਪਣੇ ਕੰਨ ਕਿਉਂ ਵੱਢ ਲਏ ਸਨ?
‘ਏਥੋਂ ਉਡਜਾ
ਭੋਲਿਆ ਪੰਛੀਆਂ ਤੂੰ ਆਪਣੀ ਜਾਨ ਬਚਾ
ਏਥੇ ਘਰ ਘਰ ਫਾਹੀਆਂ ਗੱਡੀਆਂ, ਤੂੰ ਫਾਹੀਆਂ
ਹੇਠ ਨਾ ਆ’
ਇਹ ਲਿਖ ਕੇ ਨੂਰਪੁਰੀ ਖੂਹੇ ਛਾਲ ਕਿਉਂ ਮਾਰ ਗਿਆ ਸੀ? ਦੱਸਣ ਵਾਲੇ
ਦਸਦੇ ਨੇ ਕਿ ਉਹ ਆਪਣੇ ਆਪ ਨੂੰ ਕਹਿ ਰਿਹਾ ਸੀ ਕਿ ਉਡਜਾ ਏਥੋਂ….। ‘ਨੀਂ ਮੈਂ
ਤਿੜਕੇ ਘੜੇ ਦਾ ਪਾਣੀ ਮੈਂ ਕੱਲ੍ਹ ਤੱਕ ਨਹੀਂ ਰਹਿਣਾ’। ਇਹ ਨਗਮਾ
ਗਾਉਂਦਾ ਬਿੰਦਰਖੀਆ ਸੁੱਤਾ ਹੀ ਨਾ ਉਠਿਆ। ‘ਸਾਡੇ ਨੀਂ
ਜਿਊਂਦਿਆਂ ਤੋਂ ਕਦਰਾਂ ਨਾ ਜਾਣੀਆਂ, ਹੁਣ ਸੱਜਣਾਂ ਗੁਆਚਿਆਂ ਨੂੰ ਫਿਰੇਂ ਭਾਲਦੀ,ਸਾਡੀ
ਜ਼ਿੰਦਗੀ ‘ਚ ਕਰਕੇ
ਹਨੇਰਾ ਵੈਰਨੇ,ਹੁਣ ਉਜੜੇ ਦਰਾਂ ‘ਚ ਫਿਰੇਂ
ਦੀਵੇ ਬਾਲਦੀ’, ਗਾਉਂਦਾ -ਗਾਉਂਦਾ ਧਰਮਪ੍ਰੀਤ ਫਾਹਾ ਲੈ ਗਿਆ। ਇੱਕ ਦਿਨ
ਦਾਰੂ ਦੀ ਲੋਰ ਵਿਚ ਬੈਠਾ ਇਹੋ ਗੀਤ ਦੇ ਬੋਲ ਵਾਰ ਵਾਰ ਗੁਣਗੁਣਾਈ ਜਾ ਰਿਹਾ ਸੀ ਤੇ ਮੈਂ ਵਾਰ ਵਾਰ
ਟੋਕ ਰਿਹਾ ਸੀ। ਸ਼ਿਵ ਦਾ ਲਿਖਿਆ ਕੌਣ ਭੁਲਾਵੇ:
‘ਸਿਖਰ
ਦੁਪੈਹਿਰ ਸਿਰ ‘ਤੇ ਮੇਰਾ ਢਲ ਚੱਲਿਆ ਪਰਛਾਂਵਾਂ,
ਕਬਰਾਂ ਉਡੀਕਦੀਆਂ ਜਿਉਂ ਪੁੱਤਰਾਂ ਨੂੰ ਮਾਵਾਂ।
ਆਪਣੇ ਆਪ ਤੋਂ ਬਹੁਤ ਡਰ ਆਇਆ ਸੀ ਓਦਣ, ਜਿੱਦਣ ਮੌਤ
ਤੇ ਜੀਵਨ ਬਾਬਤ ਲਲਿਤ ਨਿਬੰਧ ਲਿਖਣਾ ਸ਼ੁਰੂ ਕੀਤਾ ਸੀ ਤੇ ਪੂਰਾ ਹੀ ਨਾ ਹੋਇਆ, ਅਧੂਰਾ ਛੱਡ
ਕੇ ਚੌਬਾਰੇ ਵਿਚ ਜਾ ਲੇਟਿਆ ਸਾਂ ਟੈਨਸ਼ਿਨ ਦੀ ਗੋਲੀ ਖਾ ਕੇ!ਬਹੁਤ ਕੁਛ ਲਿਖਿਆ ਜਾ ਰਿਹਾ ਹੈ, ਛਪੀ ਜਾ
ਰਿਹਾ ਹੈ। ਪਰ ਸਵਾਲ ਕਰਦਾ ਹਾਂ ਆਪਣੇ ਆਪ ਨੂੰ ਕਿ ਕੌਣ ਪੜ੍ਹ ਰਿਹਾ ਹੈ ਏਨਾ ਕੁਝ? ਕੋਈ ਜੁਆਬ
ਨਹੀਂ ਦੇ ਪਾ ਰਿਹਾ। ਥੋੜੀ ਦੇਰ ਬਾਅਦ ਮਨ ਵਿਚ ਆਉਂਦੀ ਹੈ ਕਿ ਇਹ ਸੱਚ ਹੈ ਕਿ ਸਿਰਫ ਲਿਖਿਆ ਹੀ ਜਾ
ਰਿਹਾ ਹੈ ਪੜ੍ਹਿਆ ਨਹੀਂ ਜਾ ਰਿਹਾ! ਕਵੀ ਸਿਰਫ਼ ਆਪਣੇ ਵਾਸਤੇ ਕਵਿਤਾ ਲਿਖ ਰਿਹਾ ਹੈ। ਪਾਠਕ ਕਵਿਤਾ
ਤੋਂ ਪਰ੍ਹੇ ਦੀ ਲੰਘ ਜਾਣਾ ਚਾਹੁੰਦਾ ਹੈ ਪਤਾ ਨਹੀਂ ਕਿਉਂ? ਪਾਠਕ
ਕਹਿੰਦਾ ਹੈ ਕਿ ਜੋ ਕਵੀ ਲਿਖ ਰਿਹਾ ਹੈ ਉਹ ਮੇਰੀ ਸਮਝ ਤੋਂ ਬਾਹਰ ਹੈ ਤੇ ਉੱਕਾ ਹੀ ਸਮਝ ਨਹੀਂ
ਪੈਂਦੀ ਮੈਨੂੰ ਕਵੀ ਦੇ ਕਹੇ ਦੀ? ਪਹਿਲਾਂ ਲੋਕ ਕਿਤਾਬਾਂ ਦੇ ਪੜ੍ਹ ਪੜ੍ਹ ਕੇ ਢੇਰ ਲਾਉਂਦੇ
ਸਨ, ਹੁਣ ਲਿਖ
ਲਿਖ ਕੇ ਲਾਈ ਜਾ ਰਹੇ ਹਨ! ਇਹਨਾਂ ਵਿਚ ਮੈਂ ਵੀ ਸ਼ਾਮਿਲ ਹਾਂ। ਆਪਣੀ ਡਾੲਰੀ ਦਾ ਪੰਨਾ ਲਿਖਦਿਆਂ
ਆਪਣੀ ਨਵੀਂ ਛਪੀ ਕਿਤਾਬ ਨੂੰ ਘੁਰ ਰਿਹਾ ਹਾਂ।