-ਹਰਦੇਵ ਚੌਹਾਨ 
           
ਦੋ ਕੁ ਦਹਾਕੇ ਪਹਿਲਾਂ ਦੀ ਗੱਲ ਹੋਏਗੀ । ਉਦੋਂ ਅਸੀਂ ਚੰਡੀਗੜ੍ਹ ਦੇ ਸੈਕਟਰ ਸਤਾਰਾਂ ਵਿਖੇ ਡੀਪੀਆਈ ਕਾਲਜਾਂ ਵਿੱਚ ਸੰਪਾਦਕ ਦੇ ਅਹੁਦੇ ‘ਤੇ ਤਾਇਨਾਤ ਹੁੰਦੇ ਸੀ । ਕਿਆ ਬਾਤਾਂ ਸੀ ਉਨ੍ਹਾਂ ਭਲੇ ਵੇਲਿਆਂ ਦੀਆਂ … ਆਰਥਿਕ ਤੰਗੀਆਂ ਤੁਰਸ਼ੀਆਂ ਨੇ ਹਾਲੇ ਸਰਕਾਰੇ, ਦਰਬਾਰੇ ਬਾਹਲੀ ਦਸਤਕ ਨਹੀਂ ਸੀ ਦਿੱਤੀ … ਲਿਹਾਜਾ ਅੱਜ ਵਾਂਗ ਨੌਕਰੀ ‘ਚ ਪੈਰ ਪੈਰ ”ਤੇ ਖਤਰਾ ਨਹੀਂ ਸੀ ਮੰਡਰਾਉਂਦਾ … ਉਦੋਂ ਮੁਲਾਜਮਾਂ ਨੂੰ ਮੁਲਜ਼ਮ ਬਣਾਉਣ ਵਾਲਾ ਰਿਵਾਜ ਵੀ ਘੱਟ ਹੀ ਸੀ …          ਖੈਰ ! ਸਮੇਂ ਸਿਰ ਹਾਜ਼ਰੀ ਲਾ ਸੀਟ ਵਾਲੇ ਕੰਮ ਜਲਦੀ ਜਲਦੀ ਨਿਬਟਾ ਲਈਦੇ ਸੀ … ਲੰਚ ਟਾਈਮ ਤੋਂ ਬਾਅਦ ਹੇਠਾਂ ਮਿੱਤਰ ਮੇਲੇ ਉਡੀਕਣ ਲੱਗ ਪੈਂਦੇ …  ਸਾਡੇ ਦਫ਼ਤਰ ਦੇ ਪਿੱਛੇ ਹਰਾ ਭਰਾ ਬਾਗ਼ ਹੁੰਦਾ ਸੀ । ਪਿੱਪਲ ਦੇ ਹੇਠਾਂ ਮੰਦਰ ਤੇ ਮੰਦਰ ਲਾਗਲੀ ਲੋਹੇ ਦੀ ਰੇਲਿੰਗ  ਸਾਡਾ ‘ਤਖ਼ਤੇ ਤਾਊਸ’ ਹੁੰਦੀ … ਕਦੀ ਡਾਕਟਰ ਗੁਲਜਾਰ ਮੁਹੰਮਦ ਗੋਰੀਆ ਦੇ ਨਾਲ ਪ੍ਰੋਫੈਸਰ ਰਾਕੇਸ਼ ਰਮਨ ਆ ਜਾਂਦੇ …. ਲਾਲੀ ਬਾਬਾ, ਜੱਜ ਵਰਗਾ ਅਰਦਲੀ ਨਿੰਦਰ ਘੁਗਿਆਣਵੀ … ਸੁਰਜੀਤ ਜੱਜ, ਪ੍ਰੋ . ਅਨੂਪ ਵਿਰਕ, ਗੁਰਦੇਵ ਚੌਹਾਨ, ਰਾਜਿੰਦਰ ਸੋਢੀ, ਕਸ਼ਮੀਰ ਪੰਨੂ, ਸਰੋਦ ਸੁਦੀਪ ਤੇ ਕਈ ਹੋਰ ਪਤਵੰਤੇ ਸ਼ਾਮਾਂ ਨੂੰ ਰੰਗੀਨ ਬਣਾਉਣ ਲਈ ਸਾਡੇ ਕੋਲ ਆਏ ਰਹਿੰਦੇ …            ਉਦੋਂ ਦੇਵ ਭਾਰਦਵਾਜ ਨੇ ਪਦ ਉੱਨਤ ਹੁੰਦਿਆਂ ਸੰਪਾਦਕ ( ਪੁਸਤਕਾਂ ) ਵਾਲੀ ਆਪਣੀ ਗੁਰੂ ਗੱਦੀ ਸਾਨੂੰ ਸੌਂਪ ਦਿੱਤੀ ਸੀ … ਭੂਸ਼ਨ ਧਿਆਨਪੁਰੀ, ਅਮਰ ਗਿਰੀ, ਪੰਨੂ, ਆਰਟਿਸਟ ਐੱਸ ਰਾਜ ਕੁਮਾਰ, ਗੁਰਦੀਪ ਬਾਜਵਾ, ਅਸ਼ੋਕ ਲੋਹਗੜ੍ਹੀ ਤੇ ਮੋਹਨ ਭੰਡਾਰੀ ਲਾਗਲੇ ਦਫਤਰਾਂ ‘ਚ ਨੌਕਰੀ ਕਰਦੇ ਨਿਰੰਤਰ ਮਿਲਦੇ, ਗਿਲਦੇ ਰਹਿੰਦੇ …           ਦੁਪਹਿਰ ਤੋਂ ਪਹਿਲਾਂ ਬਾਗ਼ ਵਿੱਚ ਅਸੀਂ ਆਏ ਗਏ ਕਿਸੇ ਨਾ ਕਿਸੇ ਲੇਖਕ ਮਿੱਤਰ ਦੀ ਨਵੀਂ ਪੁਸਤਕ ਦਾ ਘੁੰਡ ਚੁੱਕਦੇ … ਸਮਾਗਮ ਰਚਾ ਬਾਗ਼ ਦੀ ਰੇਲਿੰਗ ‘ਤੇ ਬੈਠ ਜਾਂਦੇ … ਲਾਗੇ ਚਾਹ ਵਾਲੇ ਦੇ ਅੱਡੇ ਤੋਂ ਬਰੈੱਡ ਪਕੌੜੇ ਤੇ ਚਾਹ ਦਾ ਲੰਗਰ ਵਰਤਾਉਂਦੇ … ਚਾਹ ਨਾਲ ਕਿਸੇ ਨੂੰ ਵੀ ਸਿਦਕ ਜਿਹਾ ਨਾ ਆਉਣਾ … ਸਾਰੇ ਇੱਕ ਦੂਜੇ ਵੱਲ ਬਿੱਟਰ ਬਿੱਟਰ ਝਾਕਦੇ … ਦਿਨ ਹੁੰਦੇ ਸਨ ਕਿ ਜਾਣ ਬੁਝ ਕੇ ਢਲਣ ਵਿੱਚ ਦੇਰੀ ਕਰਦੇ ਲੱਗਦੇ …          ਬਹੁਤੇ ਮਹਿਮਾਨਾਂ ਦੇ ਸਦਰ ਮੁਕਾਮ ਸਾਡੇ ਸਿਟੀ ਬਿਊਟੀਫੁੱਲ ਦੇ ਠੇਕੇ ਹੁੰਦੇ … ਕਦੀ ਇਸ ਠੇਕੇ … ਕਦੀ ਉਸ ਠੇਕੇ … ਠੇਕੇ ਤੋਂ ਪਾਣੀ, ਸੋਢਾ ਲਾਈਦਾ ਸੀ … ਨਮਕੀਨ, ਭੁਜੀਏ ਦੀਆਂ ਬੋਰੀਆਂ ਸਾਡੇ ਬੈਗ ‘ਚ ਹਮੇਸ਼ਾਂ ਹੁੰਦੀਆਂ … ਰਹੀ ਗੱਲ ਦਾਰੂ ਦੀ … ਹੋਰ ਸ਼ਹਿਰਾਂ ਦੇ ਮੁਕਾਬਲੇ ਅੱਜ ਵਾਂਗ ਹੀ ਇੱਥੇ ਬਾਹਲੀ ਸਸਤੀ ਹੁੰਦੀ ਸੀ … ਇੱਕ ਦੀ ਥਾਂ ਦੋ ਖਰੀਦੀਆਂ ਸ਼ੀਸ਼ੀਆਂ ਵੀ ਕਿਸੇ ਨੂੰ ਮਹਿੰਗੀਆਂ ਨਹੀਂ ਸੀ ਲੱਗਦੀਆਂ …           ਲਾਗੇ ਹੀ ਪ੍ਰਤਾਪ ਮਹਿਤਾ ਦਾ ਲੋਕਾਇਤ ਪ੍ਰਕਾਸ਼ਨ ਹੁੰਦਾ ਸੀ … ਲੇਖਕਾਂ ਦਾ ਮੱਕਾ … ਇੱਕ ਪਾਸੇ ਰੂਸੀ ਅੰਗਰੇਜ਼ੀ ਤੇ ਪੰਜਾਬੀ ਕਿਤਾਬਾਂ ਦੀ ਚਿਣਾਈ ਹੁੰਦੀ ਸੀ … ਮਿੱਤਰ ਲੋਕਾਂ ਦੀ ਠਾਹਰ ਦੂਜੇ ਪਾਸੇ ਕਿਚਨ ਕਾਰਨਰ ਵਿੱਚ ਹੁੰਦੀ … ਕੇਤਲੀ ਤੇ ਕੱਪ ਪਲੇਟਾਂ ਵਾਲੇ ਭੀੜੇ ਜਿਹੇ ਕੋਨੇ ਵਿੱਚ …ਪਰ ਹਰ ਬੰਦਾ ਉੱਥੇ ਬੜਾ ਖੁਲ੍ਹਾ, ਡੁੱਲਾ ਤੇ ਅਕਾਸ਼ੀਂ ਉਡਾਰੀਆਂ ਲਾਉਂਦਾ ਮਹਿਸੂਸ ਕਰਦਾ …                    ਪ੍ਰਕਾਸ਼ਨ ਹਾਊਸ ਦੇ ਪ੍ਰਵੇਸ਼ ਦੁਆਰ ਦਿਨ ਚੜ੍ਹਦਿਆਂ ਹੀ ਖੁੱਲ ਜਾਂਦੇ … ਮਹਿਤਾ ਸਾਹਿਬ ਦੇ ਦੂਰ, ਨੇੜਲੇ ਚੇਲੇ ਬਾਲਕੇ ਤੇ ਚਹੇਤੇ ਲੇਖਕ ਸਾਰਾ ਦਿਨ ਆਉਂਦੇ,ਜਾਂਦੇ … ਨਿਰਵਿਘਨ ਡੰਡੌਤ ਬੰਦਨਾ ਹੁੰਦੀ … ਦਰਬਾਰ ਦੇਰ ਰਾਤ ਤੀਕ ਬੁਲਾਰਿਆਂ ਤੇ ਸਰੋਤਿਆਂ ਨਾਲ ਭਰਿਆ  ਰਹਿੰਦਾ  … ਉਦੋਂ ਮਹਿਤਾ ਸਾਹਿਬ ਆਪ ਵੀ ਲਾਗਲੇ ਸੈਕਟਰ ਵਿੱਚ ਕਿਆਮ ਫਰਮਾਉਂਦੇ ਸਨ … ਸੋ ਘਰ ਜਾਣ ਦੀ ਬਹੁਤੀ ਕਾਹਲੀ ਵੀ ਨਹੀਂ ਸੀ ਹੁੰਦੀ …          ਸਾਡੀ ਤਿਕੜੀ ਵਾਲੇ ਰਾਜ ਤੇ ਗਿਰੀ ਨੇ ਆਪਣੀ ਨੌਕਰੀ ਪੇਸ਼ੇ ਵਾਲੀ ਜਿੰਮੇਵਾਰੀ ਨਿਭਾ ਸਾਡੇ ਕੋਲ ਆ ਜਾਣਾ ਤੇ ਢਲੇ ਦਿਨ ਅਸੀਂ ਮਹਿਤਾ ਸਾਹਿਬ ਦੇ ਅੱਡੇ ‘ਤੇ ਚਲੇ ਜਾਣਾ … ਦਾਰੂ-ਸਿੱਕਾ ਨਾਲ ਲੈ ਜਾਂਦੇ … ਉਹ ਕਦੀ ਅਮਰੂਦ … ਕਦੀ ਪਪੀਤੇ … ਕਦੀ ਟਮਾਟਰ, ਪਿਆਜ ਦਾ ਸਲਾਦ ਆਪਣੇ ਹੱਥੀਂ ਬਣਾਉਂਦੇ ਤੇ ਧੀਆਂ, ਪੁੱਤਾਂ ਵਾਂਗ ਪਾਲਣ ਦੀ ਚਾਹਤ ਨਾਲ ਸਾਡੀ ਸੇਵਾ ਕਰਦੇ … ਵਿੱਚ ਵਿਚਾਲੇ ਉਹ ਸਾਨੂੰ ਸਾਹਿਤ ਅਤੇ ਆਪਣੇ ਪੈਰੀਂ ਹੰਡਾਏ ਦੁਰੇਡੇ ਸਮਾਜਾਂ ਦੀਆਂ ਗੱਲਾਂ ਬਾਤਾਂ ਸੁਣਾਉਂਦੇ …         ਵੇਖਣ ਨੂੰ ਪ੍ਰਤਾਪ ਮਹਿਤਾ ਇਕਹਿਰੇ ਜਿਹੇ ਲੱਗਦੇ ਪਰ ਸੀ ਬੜੇ ਵੱਡੇ ਕੱਦ ਵਾਲੇ … ਅੰਦਰੋਂ ਨਿੱਘੇ ਤੇ ਰੱਜੇ ਪੁੱਜੇ … ਸਾਡੇ ਅੱਗੇ ਆਪਣੀਆਂ ਜੀਵਨ ਕਹਾਣੀਆਂ ਛੋਹ ਲੈਂਦੇ … ਦੇਸ਼, ਦੇਸ਼ਾਂਤਰਾਂ ਦੀਆਂ ਬਾਤਾਂ ਪਾਉਂਦੇ … ਮੰਤਰ ਮੁਗਧ ਹੋ ਅਸੀਂ ਆਪਾ ਭੁੱਲ ਜਾਂਦੇ ਤੇ ਲਸੂੜੀ ਹੋਏ ਸਾਹਮਣੇ ਬੈਠੇ ਰਹਿੰਦੇ … ਜਦੋਂ ਉਨਾਂ ਕੋਲੋਂ ਵਿੱਛੜਦੇ, ਬਾਹਰ ਤਾਰਿਆਂ ਦੀ ਲੋਅ ਸਾਨੂੰ ਘਰਾਂ ਦੇ ਰਸਤੇ ਵਿਖਾਉਂਦੀ …          ਉਨ੍ਹਾਂ ਦੀ ਸੁਣਾਈ ਇੱਕ ਕਹਾਣੀ ਅੱਜ ਵੀ ਅੱਖਰ, ਅੱਖਰ ਯਾਦ ਏ … ਦੱਸਦੇ ਕਿ ਛੋਟੇ ਹੁੰਦਿਆਂ ਚਿੜੀਆਂ ਨੇ ਸਾਡੇ ਦਿਲ ਨੂੰ ਬੜੀ  ਧੂਹ ਪਾਉਂਣੀ … ਅਸੀਂ ਹਮੇਸ਼ਾਂ ਉਨਾਂ ਨੂੰ ਫੜਨ ਦੀ ਤਾਕ ‘ਚ ਰਹਿੰਦੇ …          ਸੁਣ ਕੇ ਅਸੀਂ ਦੋਚਿੱਤੀ ‘ਚ ਪੈ ਗਏ … ਮਨ ‘ਚ ਪਹਿਲਾ ਤੋਂ ਬਣਿਆ ਉਨਾਂ ਦਾ ਨੇਕ ਤੇ ਸੰਜੀਦਾ ਜਿਹਾ ਅਕਸ   ਕੱਚ ਵਾਂਗ ਤਿੜਕ ਗਿਆ … ਸੋਚਣ ਲੱਗੇ ਕਿ ਬਾਹਰੋਂ ਸਾਊ ਜਿਹੇ ਦਿਸਣ ਵਾਲੇ ਮਹਿਤਾ ਸਾਹਿਬ ਅੰਦਰੋਂ ਬੜੇ ਜ਼ਾਲਮ ਹੁੰਦੇ ਹੋਣਗੇ  … ਚਿੜੀ ਮਾਰ ਕਿਸੇ ਥਾਂ ਦੇ …          ਖੈਰ ! ਕੁਝ ਪੁੱਛਣ, ਟੋਕਣ ਦੀ ਥਾਂ ਅਸੀਂ ਚੁੱਪ ਬੈਠੇ ਉਨਾਂ ਦੀ ਕਹਾਣੀ ਸੁਣਦੇ ਰਹੇ …ਸਾਨੂੰ ਪਤਾ ਸੀ ਕਿ ਟੋਕਾ ਟਾਕੀ ਉਹ ਬਹੁਤੀ ਪਸੰਦ ਨਹੀਂ ਕਰਦੇ … ਉਹ ਦੱਸਦੇ ਕਿ ਸਾਜਰੇ ਸਵੇਰੇ ਉੱਠਦਿਆਂ ਸਾਰ ਮਾਂ ਤੋਂ ਚੋਰੀ ਦਾਣੇ, ਚੋਗਾ, ਟੋਕਰੀ ਤੇ ਧਾਗੇ ਵਾਲੀ ਸੋਟੀ ਲੈ ਆਪਣੇ ਕੱਚੇ ਕੋਠੇ ਜਾ ਬੈਠਣਾ … ਟੋਕਰੀ ਹੇਠ ਚੋਗਾ ਜਾਂ ਰੋਟੀ ਦੀਆਂ ਬੁਰਕੀਆਂ ਪਾ ਦੇਣੀਆਂ …  ਡੰਡੇ ਦੇ ਸਹਾਰੇ, ਟੋਕਰੀ ਥੋੜ੍ਹੀ ਕੁ ਉਤਾਂਹ ਨੂੰ ਚੁੱਕ ਦੇਣੀ  … ਫਿਰ ਡੰਡੇ ਦੇ ਧਾਗੇ ਵਾਲਾ ਸਿਰਾ ਫੜ ਬਗਲੇ ਭਗਤ ਵਾਂਗ ਆਪ ਥੋੜ੍ਹੀ ਕੁ ਦੂਰ ਜਾ ਬੈਠਣਾ …           ਸੁਣਦਿਆਂ, ਸੁਣਦਿਆਂ ਸਾਡੇ ਸਾਹ ਸੂਤੇ ਜਾਣੇ … ਉਹ ਆਪਣੀ ਮੌਜ ‘ਚ ਦੱਸਦੇ ਕਿ ਹਰ ਜੀਅ ਪੇਟ ਦੀ ਭੁੱਖ ਲੈ ਕੇ ਪੈਦਾ ਹੁੰਦਾ …  ਚਿੜੀਆਂ ਵੀ ਸਾਡੇ ਵਾਂਗ ਚੋਗੇ ਦੀ ਭਾਲ ਵਿੱਚ ਦਰ, ਦਰ ਭਟਕਦੀਆਂ … ਭੁੱਖੀ, ਭਟਕੀ ਕਿਸੇ ਚਿੜੀ ਨੇ ਵੀ ਸਾਡੇ ਜਾਲ ‘ਚ ਆ ਫਸਣਾ …          ਹੋਣਾ ਕੀ, ਜਿਉਂ ਹੀ ਭੋਲੀ ਚਿੜੀ ਨੇ ਚੋਗਾ ਚੁੱਗਣ ਲਈ ਸਾਡੀ ਟੋਕਰੀ ਹੇਠਾਂ ਵੜਨਾ ਤਿਉਂ ਹੀ ਅਸਾਂ ਡੰਡੇ ਦਾ ਧਾਗਾ ਖਿੱਚ ਦੇਣਾ … ਖੜੀ ਟੋਕਰੀ ਜ਼ਮੀਨ ‘ਤੇ ਡਿੱਗ ਪੈਣੀ … ਚਿੜੀ ਬੇਚਾਰੀ ਨੇ ਡਿੱਗੀ ਹੋਈ ਟੋਕਰੀ ਹੇਠ ਕਾਬੂ ਆ ਜਾਣਾ …           ਅੱਗੋਂ ਅਸੀਂ ਮਨ ਹੀ ਮਨ ਆਪਣੇ ਅੰਦਾਜੇ ਅਨੁਸਾਰ ਕਹਾਣੀ ਦੇ ਅੰਤ ਕਰ ਬੈਠੇ … ਧੋਖੇਬਾਜ ! ਭੋਲੀਆਂ ਚਿੜੀਆਂ ਨੂੰ ਫੁਸਲਾ ਕੇ ਮਾਰ ਖਾਂਦੇ ਹੋਣਗੇ …         ਪਰ ਨਹੀਂ, ਉਨਾਂ ਦੀ ਸੁਣੋ .. ਉਹ ਦੱਸਦੇ ਕਿ ਬੜੇ ਧਿਆਨ ਨਾਲ ਟੋਕਰੀ ਹੇਠੋਂ ਚਿੜੀ ਫੜਨੀ … ਹੱਥੀਂ ਚੋਗਾ ਖੁਆਉਣਾ … ਬੜੇ ਪਿਆਰ ਨਾਲ ਉਸ ਦੇ ਭੂਰੇ ਖੰਭਾਂ ਨੂੰ ਮਨ ਮਰਜ਼ੀ ਲਾਲ, ਪੀਲੇ ਜਾਂ ਹਰੇ ਰੰਗ ਕਰ ਦੇਣੇ  … ਤੇ ਫਿਰ ਉਸਨੂੰ ਉੱਡਦੀਆਂ ਹੋਈਆਂ ਚਿੜੀਆਂ ਵਿੱਚ ਉਡਾ ਦੇਣਾ … ਚਿੜੀਆਂ ਦੇ ਝੁੰਡ ਵਿੱਚ ਉਡਾਰੀਆਂ ਲਾਉਂਦੀ ਆਪਣੀ ਰੰਗਦਾਰ ਚਿੜੀ ਨੂੰ ਦੇਰ ਤੀਕ ਵੇਖਦੇ ਰਹਿਣਾ … ਇੰਝ ਲੱਗਣਾ ਜਿਵੇਂ ਚਿੜੀ ਨਹੀਂ, ਸਾਡੀ ਰੂਹ ਗਗਨ ਉਡਾਰੀਆਂ ਲਾ ਰਹੀ ਹੋਏ …            ਸਮੇਂ ਦਾ ਗੇੜ ਵੇਖੋ … ਚੰਡੀਗੜ੍ਹ ਦੇ ਸੈਕਟਰ ਸਤਾਰਾਂ ਵਿਚਲਾ ਪੁਸਤਕਾਂ ਦੀਆਂ ਘੁੰਡ ਚੁਕਾਈਆਂ ਕਰਨ ਵਾਲਾ ਸਾਡਾ ਹਰਾ, ਭਰਾ ਬਗ਼ੀਚਾ ਨਹੀਂ ਰਿਹਾ … ਅੱਖਾਂ ਸਾਹਵੇਂ ਹੌਲੀ ਹੌਲੀ ਪਿੱਛੇ ਨੂੰ ਸਰਕਦਾ ਕਿਸੇ ਪਾਤਾਲ ਲੋਕ ਵਿੱਚ ਗਰਕ ਗਿਆ … ਮਰ ਮੁੱਕ ਗਏ ਉਥੋਂ ਦੇ ਪਿੱਪਲ, ਬੋਹੜ … ਉੱਡ ਪੁੱਡ ਗਈਆਂ ਰੰਗੀਨ ਚਿੜੀਆਂ … ਰੰਗਸਾਜ ਪ੍ਰਤਾਪ ਮਹਿਤਾ, ਗਿਰੀ, ਗੌਰੀਏ, ਭੂਸ਼ਨ,ਪਨੂੰ ਤੇ ਦੇਵ ਭਾਰਦਵਾਜ ਵਰਗੇ ਭਲੇ ਲੋਕ ਵੇਖਦਿਆਂ ਵੇਖਦਿਆਂ ਸਭ ਅਲੋਪ ਹੋ ਗਏ …           ਸਾਡੇ ਬਾਗ ਦੀ ਥਾਂ ਅੱਜ ਕੱਲ ਉਥੇ ਕੰਕਰੀਟ ਦੀ ਬਹੁ ਮੰਜਲੀ ਪਾਰਕਿੰਗ ਬਣ ਚੁਕੀ ਹੈ …ਕਦੀ ਕਦਾਈਂ ਦੂਰੋਂ ਆਉਂਦਿਆਂ, ਜਾਂਦਿਆਂ ਮਹਿਸੂਸ ਹੁੰਦਾ ਕਿ ਸਾਡੇ ਰੰਗੀਨ ਪੰਖੇਰੂ ਇਸੇ ਬੇਸਮੈਂਟ ਦੀਆਂ ਨੀਹਾਂ ਹੇਠ ਸਮਾਧੀ ਵਿੱਚ ਲੀਨ ਬੈਠੇ ਹੋਣਗੇ … ਲਾਗੇ ਜਾਣ ਦਾ ਹੌਸਲਾ ਨਹੀਂ ਪੈਂਦਾ … ਸੋਚੀਦਾ ਕਿ ਜੇ ਲਾਗੇ ਚਲੇ ਗਏ ਤਾਂ ਉਨਾਂ ਦੀ ਤਪੱਸਿਆ ਭੰਗ ਹੋ ਜਾਏਗੀ …
(ਲੇਖਕ ਨਾਲ ਇਸ 7009857708 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।)