ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸਖਤ ਯਤਨਾਂ ਤੋਂ ਬਾਅਦ ਪੰਜਾਬ ਪੁਲਿਸ ਨੇ ਸੋਮਵਾਰ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋ ਸੂਟਰਾਂ ਸਣੇ ਚਾਰ ਵਿਅਕਤੀਆਂ ਦਾ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਹੈ।
ਪੁਲਿਸ ਨੇ ਪ੍ਰਿਯਵਰਤ ਉਰਫ ਫੌਜੀ (ਮੁੱਖ ਸ਼ੂਟਰ), ਕਸ਼ਿਸ਼ ਉਰਫ ਕੁਲਦੀਪ (ਸੂਟਰ), ਦੀਪਕ ਉਰਫ ਟੀਨੂੰ ਅਤੇ ਕੇਸ਼ਵ ਕੁਮਾਰ ਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਹੈ।
ਜ਼ਿਕਰਯੋਗ ਹੈ ਕਿ ਵਿਸ਼ੇਸ਼ ਸਰਕਾਰੀ ਵਕੀਲ ਦੁਆਰਾ ਦੋਸ਼ੀ ਵਿਅਕਤੀਆਂ ਨੂੰ ਟਰਾਂਜਿਟ ਰਿਮਾਂਡ ‘ ਤੇ ਲਿਆਉਣ ਲਈ ਅਰਜੀ ਦਾਇਰ ਕੀਤੀ ਗਈ ਸੀ। ਮਾਣਯੋਗ ਕੋਰਟ ਨੇ ਪਾਇਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੇ ਘਿਨਾਉਣਾ ਅਪਰਾਧ ਕੀਤਾ ਹੈ, ਇਸ ਲਈ ਮੁਲਜਮਾਂ ਦਾ ਇੱਕ ਦਿਨ ਦਾ ਟਰਾਂਜਿਟ ਰਿਮਾਂਡ ਪ੍ਰਵਾਨ ਕੀਤਾ ਜਾਂਦਾ ਹੈ ਤਾਂ ਜੋ ਦੋਸ਼ੀਆਂ ਨੂੰ ਸਬੰਧਤ ਕੋਰਟ ਅੱਗੇ ਜਲਦ ਤੋਂ ਜਲਦ ਪੇਸ਼ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਪੁਲਿਸ ਰਿਕਾਰਡ ਸਮੇਤ ਅਸਲ ਹੁਕਮ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਤਿਹਾੜ ਅਤੇ ਰੋਹਿਣੀ ਦੇ ਜੇਲ ਸੁਪਰਡੈਂਟਾਂ ਨੂੰ ਵੀ ਉਪਰੋਕਤ ਮੁਲਜਮਾਂ ਦੀ ਹਿਰਾਸਤ ਆਈ.ਓ ਐਸ.ਪੀ ਧਰਮਵੀਰ ਸਿੰਘ/ਡੀ.ਐਸ.ਪੀ ਗੋਬਿੰਦਰ ਸਿੰਘ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ।