ਸ੍ਰੀ ਮੁਕਤਸਰ ਸਾਹਿਬ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਬੀਤੇ ਦਿਨੀਂ ਟਰੈਕਟਰ-ਟਰਾਲੀ ਅਤੇ ਮੋਟਰਸਾਈਕਲ ਦੀ ਟੱਕਰ ਕਾਰਨ ਵਾਪਰੇ ਹਾਦਸੇ ਦੌਰਾਨ ਇਕ 12 ਸਾਲਾ ਵਿਦਿਆਰਥੀ ਅਰਸ਼ ਦੀ ਮੌਤ ਹੋ ਗਈ ਸੀ ਜਦਕਿ ਮ੍ਰਿਤਕ ਅਰਸ਼ ਦਾ ਪਿਤਾ ਰਾਜੇਸ਼ ਕੁਮਾਰ ਉਰਫ਼ ਲਵਲੀ ਤੇ ਉਸ ਦਾ ਚਚੇਰਾ ਭਰਾ ਨਿਤਿਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਵਿਦਿਆਰਥੀ ਅਰਸ਼ ਦੇ ਪਿਤਾ ਲਵਲੀ ਦੀ ਵੀ ਮੌਤ ਹੋ ਗਈ, ਜਿਸ ਕਰਕੇ ਮੁਹੱਲੇ (ਨੇੜੇ ਐਚ.ਪੀ. ਗੈਸ ਗਡਾਊਨ) ਵਿਚ ਸੋਗ ਦੀ ਲਹਿਰ ਹੈ।

ਜ਼ਿਕਰਯੋਗ ਹੈ ਕਿ 35 ਕੁ ਸਾਲ ਦਾ ਲਵਲੀ ਆਪਣੇ ਪੁੱਤਰ ਅਤੇ ਭਤੀਜੇ ਨੂੰ ਸਕੂਲੋਂ ਮੋਟਰਸਾਈਕਲ ’ਤੇ ਘਰ ਲੈ ਕੇ ਆ ਰਿਹਾ ਸੀ ਕਿ ਦਾਨੇਵਾਲਾ ਚੌਕ ਵਿਚ ਛਾਪਿਆਂਵਾਲੀ ਵਾਲੇ ਪਾਸੇ ਤੋਂ ਆ ਰਹੇ ਟਰੈਕਟਰ-ਟਰਾਲੇ ਜੋ ਮਿੱਟੀ ਨਾਲ ਭਰਿਆ ਹੋਇਆ ਸੀ, ਨੇ ਮੋਟਰਸਾਈਕਲ ਸਵਾਰ ਨੂੰ ਦਰੜ ਦਿੱਤਾ, ਜਿਸ ਕਰਕੇ ਵਿਦਿਆਰਥੀ ਅਰਸ਼ ਦੀ ਮੌਤ ਤੇ ਅਰਸ਼ ਦੇ ਪਿਤਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ ਅਤੇ ਹੁਣ ਉਨ੍ਹਾਂ ਦੀ ਵੀ ਮੌਤ ਹੋ ਗਈ।

ਸੋਗ ਵਿਚ ਡੁੱਬੇ ਮ੍ਰਿਤਕ ਦੇ ਭਰਾ ਬਿੱਟੂ ਕੁਮਾਰ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਰੋਂਦੇ ਕੁਰਲਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਘਰ ਉਜਾੜਨ ਵਾਲੇ ਡਰਾਈਵਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਟ੍ਰੈਕਟਰ ਕਬਜ਼ੇ ਵਿਚ ਲੈ ਕੇ ਡਰਾਈਵਰ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।