ਮੁਕੇਰੀਆਂ/ਹੁਸ਼ਿਆਰਪੁਰ, 10 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਲੰਧਰ-ਪਠਾਨਕੋਟ ਮੁੱਖ ਰਸਤੇ ‘ਤੇ ਅੱਜ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿਚ 1 ਵਿਦਿਆਰਥੀ ਦੀ ਮੌਤ ਹੋ ਗਈ ਤੇ 1 ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਮੁਕੇਰੀਆਂ ਦੇ ਮਾਤਾ ਰਾਣੀ ਚੌਕ ‘ਚ ਟਰੱਕ ਨੇ ਬਾਈਕ ਨੂੰ ਭਿਆਨਕ ਟੱਕਰ ਮਾਰ ਦਿੱਤੀ, ਜਿਸ ਨਾਲ ਭਿਆਨਕ ਹਾਦਸਾ ਵਾਪਰ ਗਿਆ।

ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਤੇ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਅਲੋਕ ਸਿੰਘ ਵਜੋਂ ਹੋਈ ਹੈ ਜਦੋਂਕਿ ਉਸਦਾ ਦੋਸਤ ਸੁਸ਼ਾਂਤ ਕੁਮਾਰ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ।

ਅੱਜ ਸਵੇਰੇ ਲਗਭਗ 6 ਵਜੇ ਅਲੋਕ ਸਿੰਘ ਪੁੱਤਰ ਸੰਦੀਪ ਸਿੰਘ ਤੇ ਉਸਦਾ ਦੋਸਤ ਦੋਵੇਂ ਪਿੰਡ ਸ਼ਾਗਲਾ ਥਾਣਾ ਮੁਕੇਰੀਆਂ ਘਰ ਤੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਟਿਊਸ਼ਨ ਪੜ੍ਹਨ ਲਈ ਜਾ ਰਹੇ ਸਨ। ਜਦੋਂ ਉਹ ਮਾਤਾ ਰਾਣੀ ਚੌਕ ਮੁਕੇਰੀਆਂ ਪਹੁੰਚੇ ਤਾਂ ਜਲੰਧਰ ਦੀ ਸਾਈਡ ਤੋਂ ਆ ਰਹੇ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਅਲੋਕ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਸੁਸ਼ਾਂਤ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਰ ਕਿਤੇ ਰੈਫਰ ਕਰ ਦਿੱਤਾ। ਮ੍ਰਿਤਕ ਅਲੋਕ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਤੇ ਉਸਦਾ ਦੋਸਤ ਦੋਵੇਂ ਹੀ ਟਾਂਡਾ ਰਾਮ ਸਹਾਏ ਸਕੂਲ ਵਿਚ 12ਵੀਂ ਕਲਾਸ ਵਿਚ ਪੜ੍ਹਦੇ ਸਨ ਜੋ ਅੱਜ ਸਵੇਰੇ ਰੋਜ਼ ਵਾਂਗ ਘਰ ਤੋਂ ਟਿਊਸ਼ਨ ਪੜ੍ਹਨ ਗਏ ਸਨ।