ਮੁਹਾਲੀ| ਜ਼ਿਲ੍ਹੇ ਦੇ ਢਕੋਲੀ ਵਿੱਚ ਇੱਕ 58 ਸਾਲਾ ਮਾਨਸਿਕ ਤੌਰ ‘ਤੇ ਪਰੇਸ਼ਾਨ ਵਿਅਕਤੀ ਨੇ ਕਾਰੋਬਾਰੀ ਅਸਫਲਤਾਵਾਂ ਦੇ ਚੱਲਦਿਆਂ ਇੱਕ ਹੋਟਲ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ‘ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਡੇਰਾਬੱਸੀ ਦੀ ਮੋਰਚਰੀ ‘ਚ ਰੱਖਵਾਇਆ ਹੈ। ਮ੍ਰਿਤਕ ਦੀ ਪਛਾਣ ਕੁਲਦੀਪ ਸ਼ਰਮਾ ਵਾਸੀ ਕੈਥਲ (ਹਰਿਆਣਾ) ਵਜੋਂ ਹੋਈ ਹੈ। ਹਾਲਾਂਕਿ ਇਸ ਸਮੇਂ ਉਹ ਬਲਟਾਣਾ ਵਿੱਚ ਰਹਿੰਦਾ ਸੀ। ਉਹ ਪਿਛਲੇ ਇਕ ਸਾਲ ਤੋਂ ਕਾਰੋਬਾਰ ਨੂੰ ਲੈ ਕੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ।

ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਕਾਰੋਬਾਰ ‘ਚ ਲੱਗਾ ਹੋਇਆ ਸੀ ਅਤੇ ਕਈ ਤਰ੍ਹਾਂ ਦੇ ਕੰਮਾਂ ‘ਚ ਹੱਥ ਅਜਮਾਉਂਦਾ ਰਿਹਾ ਪਰ ਹਰ ਵਾਰ ਸਫਲਤਾ ਨਾ ਮਿਲਣ ‘ਤੇ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਉਸ ਨੇ ਇਹ ਕਦਮ ਚੁੱਕਿਆ। ਪਤਨੀ ਨੇ ਦੱਸਿਆ ਕਿ ਉਸ ਨੇ ਇੱਕ ਵਾਰ ਉਸ ਹੋਟਲ ਵਿੱਚ ਸਾਂਝੇਦਾਰੀ ਕੀਤੀ ਸੀ ਜਿੱਥੋਂ ਉਸ ਨੇ ਛਾਲ ਮਾਰੀ ਸੀ ਅਤੇ ਇੱਕ ਸਾਲ ਪਹਿਲਾਂ ਉਸ ਨੇ ਉੱਥੋਂ ਵੀ ਆਪਣੀ ਭਾਈਵਾਲੀ ਖਤਮ ਕਰ ਦਿੱਤੀ ਸੀ।

ਇਸ ਤੋਂ ਬਾਅਦ ਮ੍ਰਿਤਕ ਨੇ ਬਲਟਾਣਾ ਇਲਾਕੇ ਦੇ ਇਕ ਹੋਟਲ ਦੇ ਬਾਹਰ ਸਿਗਰਟਾਂ ਦਾ ਖੋਖਾ ਖੋਲ੍ਹ ਲਿਆ। ਉਸ ਵਿਚ ਵੀ ਕਾਮਯਾਬ ਨਾ ਹੋ ਸਕਿਆ ਤਾਂ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗਾ। ਹੋਟਲ ਵਿੱਚ ਪੁਰਾਣੀ ਭਾਈਵਾਲੀ ਹੋਣ ਕਾਰਨ ਊਹ ਅਕਸਰ ਟਾਈਮ ਪਾਸ ਕਰਨ ਲਈ ਉੱਥੇ ਜਾਂਦਾ ਰਹਿੰਦਾ ਸੀ। ਇਸ ਕਾਰਨ ਉਸ ਨੂੰ ਛੱਤ ‘ਤੇ ਜਾਣ ਤੋਂ ਕੋਈ ਰੋਕਦਾ ਨਹੀਂ ਸੀ।

ਹੋਟਲ ਮਾਲਕ ਨਿਪੁਨ ਮਿੱਤਲ ਅਤੇ ਸਟਾਫ਼ ਮੈਂਬਰ ਗੁਰਬਚਨ ਨੇ ਦੱਸਿਆ ਕਿ ਕੁਲਦੀਪ ਸ਼ਰਮਾ ਸੋਮਵਾਰ ਦੁਪਹਿਰ 1 ਵਜੇ ਦੇ ਕਰੀਬ ਆਇਆ ਅਤੇ ਸਿੱਧਾ ਛੱਤ ‘ਤੇ ਚਲਾ ਗਿਆ। ਛੱਤ ’ਤੇ ਜਾ ਕੇ ਉਸ ਨੇ ਉਪਰਲੇ ਕਮਰੇ ਨੂੰ ਬਾਹਰੋਂ ਕੁੰਡੀ ਲਗਾ ਦਿੱਤੀ ਅਤੇ ਬਾਲਕੋਨੀ ’ਤੇ ਲੇਟ ਗਿਆ। ਦੋ ਦਿਨ ਪਹਿਲਾਂ ਵੀ ਉਹ ਇਸੇ ਤਰ੍ਹਾਂ ਬਾਲਕੋਨੀ ਵਿੱਚ ਲੇਟ ਗਿਆ ਸੀ। ਕਰੀਬ ਡੇਢ ਘੰਟਾ ਡਰਾਮਾ ਹੁੰਦਾ ਰਿਹਾ। ਇਸ ਤੋਂ ਬਾਅਦ ਉਸ ਦੀ ਪਤਨੀ ਅਤੇ ਬੇਟੇ ਨੂੰ ਬੁਲਾ ਕੇ ਸਮਝਾ ਕੇ ਘਰ ਭੇਜ ਦਿੱਤਾ ਗਿਆ ਸੀ।

ਸੋਮਵਾਰ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਹ ਉੱਪਰ ਗਿਆ ਅਤੇ ਲੇਟ ਗਿਆ। ਇਸ ਤੋਂ ਬਾਅਦ ਕਮਰੇ ਵਿੱਚ ਮੌਜੂਦ ਗੁਰਬਚਨ ਨੇ ਦੇਖਿਆ ਕਿ ਕੁਲਦੀਪ ਸ਼ਰਮਾ ਅੱਜ ਫਿਰ ਬਾਲਕੋਨੀ ਵਿੱਚ ਲੇਟਿਆ ਹੋਇਆ ਸੀ। ਉਸ ਨੇ ਇਸ ਦੀ ਵੀਡੀਓ ਬਣਾ ਕੇ ਹੇਠਾਂ ਉਤਰਨ ਲਈ ਕਿਹਾ। ਜਦੋਂ ਉਹ ਹੇਠਾਂ ਨਾ ਆਇਆ ਤਾਂ ਗੁਰਬਚਨ ਨਿਪੁਨ ਨੂੰ ਬੁਲਾਉਣ ਚਲਾ ਗਿਆ।

ਕੁਲਦੀਪ ਸ਼ਰਮਾ ਨੇ ਇਸ ਸਮੇਂ ਦੌਰਾਨ ਉੱਪਰ ਤੋਂ ਹੇਠਾਂ ਤੱਕ ਛਾਲ ਮਾਰ ਦਿੱਤੀ। ਉਸ ਨੇ ਇਸ ਸਬੰਧੀ ਪੁਲਿਸ ਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਨਿਪੁਨ ਮਿੱਤਲ ਨੇ ਦੱਸਿਆ ਕਿ ਮ੍ਰਿਤਕ ਉਸਦੇ ਦੂਜੇ ਪਾਰਟਨਰ ਰਾਕੇਸ਼ ਗੌੜ ਦਾ ਚਾਚਾ ਹੈ ਅਤੇ ਅਕਸਰ ਇੱਥੇ ਆਉਂਦਾ-ਜਾਂਦਾ ਰਹਿੰਦਾ ਸੀ। ਉਸ ਨੇ ਦੱਸਿਆ ਕਿ ਮ੍ਰਿਤਕ ਵੀ ਉਸ ਦਾ ਪਾਰਟਨਰ ਸੀ ਪਰ ਇਕ ਸਾਲ ਪਹਿਲਾਂ ਦੋਵਾਂ ਦੀ ਭਾਈਵਾਲੀ ਖਤਮ ਹੋ ਗਈ ਸੀ।

ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਡੇਰਾਬੱਸੀ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕ ਦੀ ਪਤਨੀ ਦੇ ਬਿਆਨਾਂ ‘ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਮੰਗਲਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।